ਮਨਜੀਤ ਧਨੇਰ ਬਰਨਾਲਾ ਜੇਲ੍ਹ ’ਚੋਂ ਰਿਹਾਅ
ਚੰਡੀਗੜ੍ਹ/ਬਰਨਾਲਾ-ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਖੱਬੇ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਅੱਜ ਰਾਤ ਸਾਢੇ ਅੱਠ ਵਜੇ ਦੇ ਕਰੀਬ ਰਿਹਾਅ ਕਰ ਦਿੱਤਾ। ਰਾਜਪਾਲ ਵੀ.ਪੀ.ਸਿੰਘ ਬਦਨੌਰ ਦੀ ਰਸਮੀ ਪ੍ਰਵਾਨਗੀ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਧਨੇਰ ਦੀ ਰਿਹਾਈ ਸਬੰਧੀ ਹੁਕਮ ਦੇਰ ਸ਼ਾਮ ਹੀ ਜਾਰੀ ਕਰ ਦਿੱਤੇ ਸਨ। ਉਂਜ ਰਿਹਾਈ ਤੋਂ ਐਨ ਪਹਿਲਾਂ ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਸਪੈਂਸ ਬਣਾਈ ਰੱਖਿਆ। ਰਾਤ ਸਵਾ ਅੱਠ ਵਜੇ ਦੇ ਕਰੀਬ ਜੇਲ੍ਹ ਦੇ ਬਾਹਰ ਪਿਛਲੇ 46 ਦਿਨਾਂ ਤੋਂ ਡੇਰਾ ਲਾਈ ਬੈਠੇ ਮੋਰਚੇ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਸਮੇਤ ਪੰਜ ਮੈਂਬਰ ਜੇਲ੍ਹ ਅੰਦਰ ਗਏ ਤੇ ਦਸ ਪੰਦਰਾਂ ਮਿੰਟ ਦੀ ਕਾਗਜ਼ੀ ਕਾਰਵਾਈ ਮਗਰੋਂ ਮਨਜੀਤ ਸਿੰਘ ਧਨੇਰ ਨਾਲ ਬਾਹਰ ਆ ਗਏ। ਜੇਲ੍ਹ ਵਿੱਚ ਗਏ ਮੋਰਚੇ ਦੇ ਹੋਰਨਾਂ ਮੈਂਬਰਾਂ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ, ਗੁਰਦੀਪ ਸਿੰਘ ਰਾਮਪੁਰਾ ਤੇ ਮਾਸਟਰ ਪ੍ਰੇਮ ਕੁਮਾਰ ਸ਼ਾਮਲ ਸਨ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਨਜੀਤ ਸਿੰਘ ਧਨੇਰ ਸਿੱਧੇ ਮੋਰਚੇ ਵਿੱਚ ਗਏ। ਉਨ੍ਹਾਂ ਆਪਣੀ ਰਿਹਾਈ ਨੂੰ ਲੋਕਾਂ ਦੇ ਏਕੇ ਤੇ ਸਿਰੜੀ ਸੰਘਰਸ਼ ਦੀ ਜਿੱਤ ਦੱਸਿਆ। ਸ੍ਰੀ ਧਨੇਰ ਨੇ ਕਿਹਾ ਕਿ ਉਹ ਅੱਜ ਦੀ ਰਾਤ ਆਪਣੇ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿੱਚ ਹੀ ਕੱਟਣਗੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਆਗੂ ਧਨੇਰ ਨੂੰ ਭਲਕੇ 11 ਵਜੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਪੂਰੇ ਮਾਣ ਸਤਿਕਾਰ ਨਾਲ ਮਹਿਲ ਕਲਾਂ ਨਜ਼ਦੀਕ ਉਨ੍ਹਾਂ ਦੇ ਪਿੰਡ ਧਨੇਰ ਲੈ ਕੇ ਜਾਣਗੇ।