ਮਨੋਜ ਤਿਵਾੜੀ ਨੇ ਹਾਰ ਸਵੀਕਾਰੀ, ਕੇਜਰੀਵਾਲ ਨੂੰ ਵਧਾਈ ਦਿੱਤੀ
ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਭਾਜਪਾ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ। ਉਂਜ ਉਨ੍ਹਾਂ ਤਸੱਲੀ ਪ੍ਰਗਟਾਈ ਕਿ ਐਤਕੀਂ ਭਾਜਪਾ ਦਾ ਵੋਟ ਫ਼ੀਸਦ 2015 ਦੇ ਮੁਕਾਬਲੇ 6 ਫੀਸਦ ਵਧਿਆ ਹੈ। ਪੰਜ ਸਾਲ ਪਹਿਲਾਂ ਦਿੱਲੀ ’ਚ ਭਾਜਪਾ ਦਾ ਵੋਟ ਫੀਸਦ 32 ਫੀਸਦ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸੋਚ-ਸਮਝ ਕੇ ਫ਼ਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟ ਫੀਸਦ ਵਧਣਾ ਭਾਜਪਾ ਲਈ ਚੰਗਾ ਸੰਕੇਤ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ
ਦਿੰਦਿਆਂ ਉਮੀਦ ਜਤਾਈ ਕਿ ਐਤਕੀਂ ਕੌਮੀ ਰਾਜਧਾਨੀ ਦਿੱਲੀ ਵਿੱਚ ਦੋਸ਼ਾਂ ਦੀ ਖੇਡ ਦੀ ਥਾਂ ਕੰਮ ਹੋਵੇਗਾ। ਮਨੀਸ਼ ਸਿਸੋਦੀਆ ਵੱਲੋਂ ਭਾਜਪਾ ’ਤੇ ‘ਨਫ਼ਰਤ ਦੀ ਸਿਆਸਤ’ ਕਰਨ ਬਾਰੇ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਨਾਲ ਹਨ, ਪਰ ਸ਼ਾਹੀਨ ਬਾਗ਼ ਵਿੱਚ ਸੜਕਾਂ ਜਾਮ ਕਰਨ ਖ਼ਿਲਾਫ਼ ਉਹ ਆਪਣੇ ਸਟੈਂਡ ’ਤੇ ਕਾਇਮ ਹਨ।