ਮਹਾਰਾਸ਼ਟਰ: ਕਾਂਗਰਸ ਤੇ ਐੱਨਸੀਪੀ ਵੱਲੋਂ ਕਮੇਟੀ ਬਣਾਉਣ ਦਾ ਫ਼ੈਸਲਾ

ਮਹਾਰਾਸ਼ਟਰ: ਕਾਂਗਰਸ ਤੇ ਐੱਨਸੀਪੀ ਵੱਲੋਂ ਕਮੇਟੀ ਬਣਾਉਣ ਦਾ ਫ਼ੈਸਲਾ

ਮੁੰਬਈ-ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਅੱਜ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਲਈ ਇਕ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ।
ਕਾਂਗਰਸੀ ਆਗੂਆਂ ਅਨੁਸਾਰ ਪਾਰਟੀ ਨੇ ਇਸ ਕਮੇਟੀ ਲਈ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਪ੍ਰਿਥਵੀਰਾਜ ਚਵਾਨ, ਰਾਜ ਇਕਾਈ ਦੇ ਮੁਖੀ ਬਾਲਾਸਾਹਿਬ ਥੋਰਾਟ, ਮਾਣਿਕਰਾਓ ਠਾਕਰੇ ਅਤੇ ਵਿਜੈ ਵਾਦੈਤੀਵਰ ਦਾ ਨਾਂ ਦਿੱਤਾ ਹੈ ਜਦੋਂਕਿ ਐੱਨਸੀਪੀ ਨੇ ਜੈਯੰਤ ਪਾਟਿਲ, ਅਜੀਤ ਪਵਾਰ, ਛਗਨ ਭੁਜਬਲ, ਧਨੰਜਯ ਮੁੰਡੇ ਅਤੇ ਨਵਾਬ ਮਲਿਕ ਦਾ ਨਾਂ ਦਿੱਤਾ ਹੈ।
ਸਾਂਝੇ ਘੱਟੋ-ਘੱਟ ਪ੍ਰੋਗਰਾਮ ਬਾਰੇ ਚਰਚਾ ਕਰਨ ਲਈ ਕਮੇਟੀ ਬਣਾਉਣ ਦੀ ਗੱਲ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੇ ਕੱਲ੍ਹ ਮੰਗਲਵਾਰ ਨੂੰ ਨੈਸ਼ਨਲਿਸਟ ਕਾਂਗਰਸ ਦੇ ਮੁਖੀ ਸ਼ਰਦ ਪਵਾਰ ਨਾਲ ਮੁੰਬਈ ’ਚ ਮੀਟਿੰਗ ਦੌਰਾਨ ਉਠਾਈ ਸੀ। ਵਿਧਾਨ ਸਭਾ ਚੋਣਾਂ ਭਾਜਪਾ ਤੇ ਸ਼ਿਵ ਸੈਨਾ ਨੇ ਭਾਈਵਾਲ ਵਜੋਂ ਲੜੀਆਂ ਸਨ। ਦੋਵੇਂ ਪਾਰਟੀਆਂ ਦਾ ਗੱਠਜੋੜ ਉਦੋਂ ਟੁੱਟ ਗਿਆ ਸੀ ਜਦੋਂ ਚੋਣ ਨਤੀਜਿਆਂ ਤੋਂ ਬਾਅਦ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਵਾਰੋ-ਵਾਰੀ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਬੈਠਣ ਦਾ ਮੌਕਾ ਦੇਣ ਦੀ ਮੰਗ ਰੱਖੀ, ਜਿਸ ਨੂੰ ਭਾਜਪਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਮੰਗਲਵਾਰ ਸ਼ਾਮ ਨੂੰ ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਅਤੇ ਅਸੈਂਬਲੀ ਮੁਅੱਤਲ ਕਰ ਦਿੱਤੀ। ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨੂੰ ਸਮਰਥਨ ਦੇਣ ਬਾਰੇ ਫ਼ੈਸਲਾ ਲੈਣ ਲਈ ਕਾਂਗਰਸ ਤੇ ਐੱਨਸੀਪੀ ਵੱਲੋਂ ਲੜੀਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਕੁੱਲ 288 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਨੇ 105 ਜਦੋਂਕਿ ਸ਼ਿਵ ਸੈਨਾ ਨੇ 56 ਸੀਟਾਂ ਜਿੱਤੀਆਂ ਹਨ। ਉੱਧਰ, ਮਿਲ ਕੇ ਚੋਣ ਲੜਨ ਵਾਲੀਆਂ ਪਾਰਟੀਆਂ ਕਾਂਗਰਸ ਤੇ ਐੱਨਸੀਪੀ ਨੇ ਕ੍ਰਮਵਾਰ 44 ਤੇ 54 ਸੀਟਾਂ ਜਿੱਤੀਆਂ ਹਨ। ਇਸੇ ਦੌਰਾਨ ਸੀਨੀਅਰ ਕਾਂਰਗਸੀ ਆਗੂ ਪ੍ਰਿਥਵੀਰਾਜ ਚਵਾਨ ਨੇ ਕਿਹਾ ਕਿ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਭਾਜਪਾ ਵੱਲੋਂ ‘ਅਪ੍ਰੇਸ਼ਨ ਕਮਲ’ ਤਹਿਤ ਕੀਤੀਆਂ ਜਾਣ ਵਾਲੀਆਂ ਦਲ-ਬਦਲੀ ਕਰਾਉਣ ਵਰਗੀਆਂ ਕਾਰਵਾਈਆਂ ਨੂੰ ਰੋਕਣ ਲਈ ਕਾਂਗਰਸ ਚੌਕਸ ਹੈ।

Radio Mirchi