ਮਹਾਰਾਸ਼ਟਰ: ਭਾਜਪਾ ਅਤੇ ਸ਼ਿਵ ਸੈਨਾ ’ਚ ਖਿੱਚੋਤਾਣ
ਮੁੰਬਈ-ਮਹਾਰਾਸ਼ਟਰ ’ਚ ਭਾਜਪਾ ਅਤੇ ਸ਼ਿਵ ਸੈਨਾ ਗੱਠਜੋੜ ’ਚ ਸਰਕਾਰ ਬਣਾਉਣ ਨੂੰ ਲੈ ਕੇ ਰੇੜਕਾ ਵਧਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸ਼ਨਿਚਰਵਾਰ ਨੂੰ ਮੰਗ ਕੀਤੀ ਕਿ ਭਾਜਪਾ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਪਹਿਲਾਂ ‘ਸੱਤਾ ’ਚ ਬਰਾਬਰ ਦਾ ਹਿੱਸਾ’ ਦੇਣ ਸਬੰਧੀ ਉਨ੍ਹਾਂ ਨੂੰ ਲਿਖਤੀ ਭਰੋਸਾ ਦੇਵੇ। ਇਸ ਦੌਰਾਨ ਸ਼ਿਵ ਸੈਨਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਸ੍ਰੀ ਠਾਕਰੇ ਨਾਲ ਮੁੰਬਈ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ।
ਇਕ ਵਿਧਾਇਕ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ੍ਰੀ ਠਾਕਰੇ ਮੁਤਾਬਕ ਉਨ੍ਹਾਂ ਕੋਲ ਸਰਕਾਰ ਬਣਾਉਣ ਦੇ ਹੋਰ ਬਦਲ ਵੀ ਮੌਜੂਦ ਹਨ ਪਰ ਉਹ ਇਨ੍ਹਾਂ ’ਤੇ ਵਿਚਾਰ ਨਹੀਂ ਕਰ ਰਹੇ ਹਨ ਕਿਉਂਕਿ ਭਾਜਪਾ ਅਤੇ ਸ਼ਿਵ ਸੈਨਾ ‘ਹਿੰਦੂਤਵ ਵਿਚਾਰਧਾਰਾ’ ਨਾਲ ਜੁੜੇ ਹੋਏ ਹਨ। ਵਿਧਾਇਕਾਂ ਨੇ ਪਾਰਟੀ ਮੁਖੀ ਨੂੰ ਅਗਲੀ ਸਰਕਾਰ ਦੇ ਗਠਨ ਬਾਰੇ ਫ਼ੈਸਲੇ ਲੈਣ ਦੇ ਸਾਰੇ ਅਧਿਕਾਰ ਸੌਂਪ ਦਿੱਤੇ ਹਨ। ਭਾਜਪਾ ਤੋਂ ਲਿਖਤੀ ਭਰੋਸਾ ਮੰਗੇ ਜਾਣ ਦੇ ਕਦਮ ਨੂੰ ਸਿਆਸੀ ਮਾਹਿਰ ਸ਼ਿਵ ਸੈਨਾ ਦੀ ਦਬਾਅ ਦੀ ਰਣਨੀਤੀ ਮੰਨ ਰਹੇ ਹਨ ਕਿਉਂਕਿ ਭਾਜਪਾ ਦਾ 2014 ਦੇ ਮੁਕਾਬਲੇ ਇਸ ਵਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ ਅਤੇ ਉਸ ਦੀਆਂ 17 ਸੀਟਾਂ ਘਟ ਕੇ 105 ਸੀਟਾਂ ਰਹਿ ਗਈਆਂ। ਸ਼ਿਵ ਸੈਨਾ ਦੀਆਂ ਸੀਟਾਂ ਵੀ 63 ਤੋਂ ਘਟ ਕੇ 56 ਰਹਿ ਗਈਆਂ ਹਨ ਪਰ ਭਾਜਪਾ ਦੀ ਕਾਰਗੁਜ਼ਾਰੀ ਕਾਰਨ ਉਹ ਜੋੜ-ਤੋੜ ਕਰਨ ’ਚ ਲੱਗੀ ਹੋਈ ਹੈ।
ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਾਰਨਾਇਕ ਮੁਤਾਬਕ ਊਧਵ ਠਾਕਰੇ ਨੇ ਬੈਠਕ ਦੌਰਾਨ ਕਿਹਾ ਕਿ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਨ੍ਹਾਂ ਦੀ ਰਿਹਾਇਸ਼ ’ਤੇ ਆ ਕੇ ਸੱਤਾ ’ਚ ਬਰਾਬਰ ਦੀ ਭਾਈਵਾਲੀ ਦੇਣ ਬਾਰੇ ਲਿਖਤੀ ਭਰੋਸਾ ਦੇਣ। ਜ਼ਿਕਰਯੋਗ ਹੈ ਕਿ ਸ਼ਾਹ ਨੇ ਅਪਰੈਲ-ਮਈ ’ਚ ਲੋਕ ਸਭਾ ਚੋਣਾਂ ਵੇਲੇ ਗੱਠਜੋੜ ਕਰਨ ਸਮੇਂ ਠਾਕਰੇ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ। ਵਿਧਾਇਕ ਨੇ ਕਿਹਾ ਕਿ ਭਾਜਪਾ ਜਦੋਂ ਅਜਿਹਾ ਭਰੋਸਾ ਦੇ ਦੇਵੇਗੀ ਤਾਂ ਅਗਲੀ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਨਵੇਂ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲੈਣਗੇ ਤਾਂ ਸ਼ਿਵ ਸੈਨਾ ਦੇ ਵਿਧਾਇਕ ਦਲ ਦਾ ਆਗੂ ਚੁਣ ਲਿਆ ਜਾਵੇਗਾ।