ਮਹਾਰਾਸ਼ਟਰ ਵਿੱਚ ਠਾਕਰੇ ਰਾਜ
ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ (59) ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਮਨੋਹਰ ਜੋਸ਼ੀ ਅਤੇ ਨਾਰਾਇਣ ਰਾਣੇ ਮਗਰੋਂ ਠਾਕਰੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਵਾਲੇ ਸ਼ਿਵ ਸੈਨਾ ਦੇ ਤੀਜੇ ਆਗੂ ਹਨ। ਉਂਜ ਠਾਕਰੇ ਪਰਿਵਾਰ ’ਚੋਂ ਉਹ ਪਹਿਲੇ ਆਗੂ ਹਨ ਜੋ ਮੁੱਖ ਮੰਤਰੀ ਬਣੇ ਹਨ। ਹਲਫ਼ ਲੈਣ ਮਗਰੋਂ ਸ੍ਰੀ ਠਾਕਰੇ ਸਿੱਧੀਵਿਨਾਇਕ ਮੰਦਰ ’ਚ ਮੱਥਾ ਟੇਕਣ ਲਈ ਪਹੁੰਚੇ।
ਮੁੰਬਈ ਦੇ ਸ਼ਿਵਾਜੀ ਪਾਰਕ ’ਚ ਹੋਏ ਸਮਾਗਮ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ੍ਰੀ ਠਾਕਰੇ ਅਤੇ ਛੇ ਮੰਤਰੀਆਂ ਨੂੰ ਹਲਫ਼ ਦਿਵਾਇਆ। ਇਸ ਨਾਲ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਹੋਂਦ ’ਚ ਆ ਗਈ ਹੈ। ਮਹਾਰਾਸ਼ਟਰ ਵਿਕਾਸ ਅਗਾੜੀ ਦੇ ਮੰਤਰੀਆਂ ਵਜੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ (ਸ਼ਿਵ ਸੈਨਾ), ਜਯੰਤ ਪਾਟਿਲ, ਛਗਨ ਭੁਜਬਲ (ਐੱਨਸੀਪੀ), ਬਾਲਾਸਾਹੇਬ ਥੋਰਾਟ ਅਤੇ ਨਿਤਿਨ ਰਾਊਤ (ਕਾਂਗਰਸ) ਨੇ ਹਲਫ਼ ਲਿਆ ਹੈ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ ਪਰ ਐੱਨਸੀਪੀ ਦੇ ਦੋ ਆਗੂਆਂ ਨੂੰ ਹੀ ਮੰਤਰੀ ਬਣਾਇਆ ਗਿਆ ਹੈ। ਹਲਫ਼ਦਾਰੀ ਸਮਾਗਮ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ, ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ, ਮਲਿਕਾਰਜੁਨ ਖੜਗੇ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਅਸ਼ੋਕ ਚਵਾਨ, ਪ੍ਰਿਥਵੀਰਾਜ ਚਵਾਨ, ਮਨੋਹਰ ਜੋਸ਼ੀ, ਐੱਮਐੱਨਐੱਸ ਮੁਖੀ ਰਾਜ ਠਾਕਰੇ ਅਤੇ ਡੀਐੱਮਕੇ ਆਗੂ ਐੱਮ ਕੇ ਸਟਾਲਿਨ ਵੀ ਹਾਜ਼ਰ ਸਨ। ਸਮਾਗਮ ’ਚ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ, ਉਨ੍ਹਾਂ ਦੀ ਚਚੇਰੀ ਭੈਣ ਅਤੇ ਸੰਸਦ ਮੈਂਬਰ ਸੁਪ੍ਰਿਆ ਸੂਲੇ, ਊਧਵ ਠਾਕਰੇ ਦੀ ਪਤਨੀ ਰਸ਼ਮੀ, ਵਿਧਾਇਕ ਪੁੱਤਰ ਆਦਿੱਤਿਆ, ਸਨਅਤਕਾਰ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਨੇ ਵੀ ਹਾਜ਼ਰੀ ਭਰੀ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆ ਗਏ ਸਨ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਭਾਜਪਾ 105 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ ਪਰ ਉਸ ਦੀ ਭਾਈਵਾਲ ਸ਼ਿਵ ਸੈਨਾ (56) ਨੇ ਢਾਈ ਸਾਲ ਲਈ ਆਪਣੀ ਪਾਰਟੀ ਦੇ ਆਗੂ ਨੂੰ ਮੁੱਖ ਮੰਤਰੀ ਬਣਾਉਣ ਦੀ ਸ਼ਰਤ ਰੱਖ ਦਿੱਤੀ ਸੀ। ਸੂਬੇ ’ਚ ਇਕ ਵਾਰ ਤਾਂ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ ਪਰ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਵਾਪਰੇ ਘਟਨਾਕ੍ਰਮ ਮਗਰੋਂ ਸ਼ਨਿਚਰਵਾਰ ਸਵੇਰੇ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਵਜੋਂ ਦੁਬਾਰਾ ਹਲਫ਼ ਲੈ ਲਿਆ ਸੀ। ਉਨ੍ਹਾਂ ਨਾਲ ਐੱਨਸੀਪੀ ਆਗੂ ਅਜੀਤ ਪਵਾਰ ਨੇ ਉਪ ਮੁੱਖੀ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਦਾਅਵਾ ਕੀਤਾ ਸੀ ਕਿ ਐੱਨਸੀਪੀ ਸਰਕਾਰ ਨੂੰ ਹਮਾਇਤ ਦੇਵੇਗੀ। ਪਾਸਾ ਉਦੋਂ ਪੁੱਠਾ ਪੈ ਗਿਆ ਜਦੋਂ ਐੱਨਸੀਪੀ ਦੇ ਸਾਰੇ ਵਿਧਾਇਕ ਇਕਜੁੱਟ ਰਹੇ ਅਤੇ ਉਨ੍ਹਾਂ ਕਾਂਗਰਸ ਤੇ ਸ਼ਿਵ ਸੈਨਾ ਨਾਲ ਹੱਥ ਮਿਲਾ ਲਏ। ਇਹ ਮਾਮਲਾ ਸੁਪਰੀਮ ਕੋਰਟ ’ਚ ਵੀ ਪਹੁੰਚ ਗਿਆ ਸੀ ਅਤੇ ਜਦੋਂ ਫੜਨਵੀਸ ਨੂੰ ਜਾਪਿਆ ਕਿ ਉਸ ਕੋਲ ਸਮਰਥਨ ਨਹੀਂ ਹੈ ਤਾਂ ਉਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।