ਮਹਾਰਾਸ਼ਟਰ: ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਦਾ ਖਾਕਾ ਤਿਆਰ

ਮਹਾਰਾਸ਼ਟਰ: ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਦਾ ਖਾਕਾ ਤਿਆਰ

ਨਾਗਪੁਰ/ਮੁੰਬਈ-ਮਹਾਰਾਸ਼ਟਰ ’ਚ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੰਭਾਵਿਤ ਗੱਠਜੋੜ ਸਰਕਾਰ ਪੰਜ ਸਾਲ ਦੀ ਮਿਆਦ ਪੂਰੀ ਕਰੇਗੀ ਅਤੇ ਸੂਬੇ ’ਚ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਵੱਖ ਵੱਖ ਵਿਚਾਰਧਾਰਾਵਾਂ ਨਾਲ ਜੁੜੀਆਂ ਤਿੰਨ ਪਾਰਟੀਆਂ ਦੇ ਇਕੱਠੇ ਸਰਕਾਰ ਬਣਾਉਣ ਨਾਲ ਮਹਾਰਾਸ਼ਟਰ ’ਚ ਨਵਾਂ ਅਧਿਆਏ ਜੁੜ ਜਾਵੇਗਾ। ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਵਿਚਕਾਰ ਚੱਲ ਰਹੀ ਗੰਢ-ਤੁਪ ਵਿਚਕਾਰ ਤਿੰਨੇ ਪਾਰਟੀਆਂ ਦਾ ਵਫ਼ਦ ਸ਼ਨਿਚਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇਗਾ ਅਤੇ ਮੀਂਹ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਜਾਵੇਗੀ। ਪਹਿਲਾਂ ਕਾਂਗਰਸ-ਐੱਨਸੀਪੀ ਵਫ਼ਦ ਨੇ ਰਾਜਪਾਲ ਨੂੰ ਮਿਲਣ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਵੀ ਵਫ਼ਦ ’ਚ ਸ਼ਾਮਲ ਹੋਣਗੇ।
ਤਿੰਨੋਂ ਪਾਰਟੀਆਂ ਨੇ ਸਾਂਝੇ ਘੱਟੋ ਘੱਟ ਪ੍ਰੋਗਰਾਮ ਦਾ ਖਰੜਾ ਪਹਿਲਾਂ ਹੀ ਉਲੀਕ ਲਿਆ ਹੈ ਜੋ ਸੂਬੇ ’ਚ ਗੱਠਜੋੜ ਦਾ ਏਜੰਡਾ ਹੋਵੇਗਾ ਜਿਥੇ ਪਿਛਲੇ ਦੋ ਦਹਾਕਿਆਂ ’ਚ ਜ਼ਿਆਦਾਤਰ ਸਿਆਸਤ ਭਾਜਪਾ-ਸ਼ਿਵ ਸੈਨਾ ਅਤੇ ਕਾਂਗਰਸ-ਐੱਨਸੀਪੀ ਧੜਿਆਂ ਦੁਆਲੇ ਹੀ ਘੁੰਮਦੀ ਰਹੀ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਨਾਗਪੁਰ ’ਚ ਕਿਹਾ ਕਿ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਸਰਕਾਰ ਛੇਤੀ ਬਣੇਗੀ ਅਤੇ ਇਹ ਪੰਜ ਸਾਲ ਮੁਕੰਮਲ ਕਰੇਗੀ। ਉਨ੍ਹਾਂ ਸੂਬੇ ’ਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਿਥੇ ਮੌਜੂਦਾ ਸਮੇਂ ’ਚ ਰਾਸ਼ਟਰਪਤੀ ਰਾਜ ਲਾਗੂ ਹੈ। ਉਨ੍ਹਾਂ ਦੇ ਸਾਥੀ ਅਤੇ ਪਾਰਟੀ ਦੇ ਮੁੱਖ ਤਰਜਮਾਨ ਨਵਾਬ ਮਲਿਕ ਨੇ ਮੁੰਬਈ ’ਚ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਸ਼ਿਵ ਸੈਨਾ ਆਗੂ ਬੈਠੇਗਾ। ‘ਉਹ (ਸ਼ਿਵ ਸੈਨਾ) ਮੁੱਖ ਮੰਤਰੀ ਅਹੁਦੇ ਦੇ ਮੁੱਦੇ ’ਤੇ ਗੱਠਜੋੜ ’ਚੋਂ ਬਾਹਰ ਆ ਗਏ ਸਨ। ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਸਾਡੀ ਜ਼ਿੰਮੇਵਾਰੀ ਹੈ।’ ਇਸ ਦੌਰਾਨ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਤਿਆਰ ਕੀਤੇ ਗਏ ਸਾਂਝੇ ਘੱਟੋ ਘੱਟ ਪ੍ਰੋਗਰਾਮ ਦੇ ਖਰੜੇ ਨੂੰ ਪ੍ਰਵਾਨਗੀ ਲਈ ਤਿੰਨੋਂ ਪਾਰਟੀਆਂ ਦੇ ਮੋਹਰੀ ਆਗੂਆਂ ਨੂੰ ਸੌਂਪਿਆ ਜਾਵੇਗਾ।

Radio Mirchi