ਮਹਾਰਾਸ਼ਟਰ ’ਚ ਟੁੱਟਿਆ ਭਾਜਪਾ ਦਾ ਗ਼ਰੂਰ
ਮਹਾਰਾਸ਼ਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਸਰਕਾਰ ਦੇ ਗਠਨ ਤੇ ਖਾਸ ਕਰਕੇ ਬਹੁਮਤ ਦੇ ਅੰਕੜੇ ਨੂੰ ਲੈ ਕੇ ਚੱਲ ਰਹੀ ਸਿਆਸੀ ਸ਼ਹਿ-ਮਾਤ ਦੀ ਖੇਡ ਵਿੱਚ ਅੱਜ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਭਾਜਪਾ ਨੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਕਥਿਤ ਛਿੱਕੇ ਟੰਗ ਕੇ ਪਹਿਲਾਂ ਸਰਕਾਰ ਬਣਾਉਣ ਤੇ ਮਗਰੋਂ ਬਚਾਉਣ ਦਾ ਹਰ ਹੀਲਾ ਕੀਤਾ, ਪਰ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਦੇ ‘ਮਹਾ ਵਿਕਾਸ ਅਗਾੜੀ’ ਗੱਠਜੋੜ ਵੱਲੋਂ ਵਿਖਾਏ ‘162 ਦੇ ਦਮ’ ਕਰਕੇ ਭਾਜਪਾ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਨਾਲ ਹਥਿਆਰ ਸੁੱਟਣੇ ਪੈ ਗਏ। ਉਧਰ ਇਸ ਸਿਆਸੀ ਰੱਸਾਕਸ਼ੀ ਦਰਮਿਆਨ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਰਹੇ। ਗੱਠਜੋੜ ਨੇ ਅੱਜ ਸ਼ਾਮੀਂ ਊਧਵ ਨੂੰ ਆਪਣਾ ਆਗੂ ਚੁਣ ਲਿਆ। ਊਧਵ ਨੇ ਮਗਰੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਿੰਨ ਪਾਰਟੀਆਂ ਦੇ ਵਿਧਾਇਕ ਦਲ ਦੇ ਆਗੂ ਮੌਜੂਦ ਸਨ। ਸ਼ਿਵ ਸੈਨਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਊਧਵ ਠਾਕਰੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਕਾਂਗਰਸ ਵਿਧਾਇਕ ਦਲ ਦੇ ਆਗੂ ਬਾਲਾਸਾਹਿਬ ਥੋਰਾਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਤਿੰਨੋਂ ਪਾਰਟੀਆਂ ਦੀ ਸਾਂਝੀ ਮੀਟਿੰਗ ਦੌਰਾਨ ਊਧਵ ਵੱਲੋਂ ਪਹਿਲੀ ਦਸੰਬਰ ਨੂੰ ਹਲਫ਼ ਲੈਣ ਦਾ ਐਲਾਨ ਕੀਤਾ ਸੀ।