ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਲਾਗੂ
ਨਵੀਂ ਦਿੱਲੀ/ਮੁੰਬਈ-ਕੇਂਦਰੀ ਮੰਤਰੀ ਮੰਡਲ ਦੀ ਸਿਫਾਰਸ਼ ਉੱਤੇ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਦਿਨ ਭਰ ਤੇਜੀ ਨਾਲ ਚੱਲੇ ਘਟਨਾਕ੍ਰਮ ਵਿੱਚ ਰਾਜਪਾਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ। ਇਸ ’ਤੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਹਾਰਾਸ਼ਟਰ ਵਿੱਚ ਬਾਅਦ ਦੁਪਹਿਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ ਅਤੇ ਇਸ ਦੇ ਉੱਤੇ ਰਾਸ਼ਟਰਪਤੀ ਨੇ ਮੋਹਰ ਲਾ ਦਿੱਤੀ ਹੈ। ਜਦੋਂ ਕਿ ਦੂਜੇ ਪਾਸੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ), ਕਾਂਗਰਸ ਅਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੂਬੇ ਵਿੱਚ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਮੰਥਨ ਕਰਨ ਵਿੱਚ ਜੁਟੇ ਹੋਏ ਸਨ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਤੀਜੀ ਵਾਰ ਰਾਸ਼ਟਰਪਤੀ ਰਾਜ ਲਾਗੂ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਅਦ ਦੁਪਹਿਰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਮਹਾਰਾਸ਼ਟਰ ਵਿੱਚ ਪੈਦਾ ਹੋਏ ਰਾਜਸੀ ਸੰਕਟ ਉੱਤੇ ਚਰਚਾ ਹੋਈ ਜਿੱਥੇ ਕਥਿਤ ਤੌਰ ’ਤੇ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਈਆਂ ਹਨ ਅਤੇ ਭਾਜਪਾ ਤੇ ਸ਼ਿਵ ਸੈਨਾ ਅਤੇ ਕਾਂਗਰਸ ਅਤੇ ਐੱਨਸੀਪੀ ਨੇ ਰਲ ਕੇ ਚੋਣਾਂ ਲੜੀਆਂ ਸਨ ਪਰ ਬਾਅਦ ਵਿੱਚ ਸ਼ਿਵ ਸੈਨਾ ਤੇ ਭਾਜਪਾ ਦੀ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਖੜਕ ਗਈ ਸੀ। ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਪੈਦਾ ਹੋਈ ਸਿਆਸੀ ਖੜੋਤ ਨੂੰ ਤੋੜਨ ਲਈ ਭਾਜਪਾ ਨੂੰ ਸਭ ਤੋਂ ਪਹਿਲਾਂ ਸਰਕਾਰ ਬਣਾਉਣ ਦੀ ਸੰਭਾਵਨਾ ਤਲਾਸ਼ਣ ਲਈ ਸੱਦਿਆ ਸੀ ਪਰ ਭਾਜਪਾ ਨੇ ਇਸ ’ਤੇ ਆਪਣੀ ਅਸਮਰੱਥਾ ਦਾ ਪ੍ਰਗਟਾਵਾ ਕੀਤਾ ਸੀ। ਇਸ ਤੋਂ ਬਾਅਦ ਸ਼ਿਵ ਸੈਨਾ ਵੀ ਸਰਕਾਰ ਬਣਾਉਣ ਵਿੱਚ ਅਸਮਰੱਥ ਰਹੀ ਸੀ ਤੇ ਇਸ ਤੋਂ ਬਾਅਦ ਰਾਜਪਾਲ ਕੋਸ਼ਿਆਰੀ ਨੇ ਐੱਨਸੀਪੀ ਨੂੰ ਮੰਗਲਵਾਰ ਨੂੰ ਰਾਤ ਸਾਢੇ ਅੱਠ ਵਜੇ ਤੱਕ ਦਾ ਸਮਾਂ ਦਿੱਤਾ ਸੀ ਪਰ ਸਮਾਂ ਰਹਿੰਦਿਆਂ ਹੀ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਸ਼ ਭੇਜ ਦਿੱਤੀ। ਰਾਜਪਾਲ ਦੇ ਦਫਤਰ ਵੱਲੋਂ ਇੱਕ ਟਵੀਟ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾ ਸਕੇਗੀ ਇਸ ਲਈ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 356 ਤਹਿਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਕੋਲ 105, ਸ਼ਿਵ ਸੈਨਾ ਕੋਲ 56, ਐੱਨਸੀਪੀ ਕੋਲ 54 ਅਤੇ ਕਾਂਗਰਸ ਕੋਲ 44 ਵਿਧਾਇਕ ਹਨ। ਇਸ ਦੌਰਾਨ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਕਰਨ ਲਈ ਸ਼ਿਵ ਸੈਨਾ ਆਗੂ ਸੰਜੇ ਰਾਉਤ ਅਤੇ ਸ਼ਰਦ ਪਵਾਰ ਨਾਲ ਗੱਲਬਾਤ ਕਰਨ ਲਈ ਸੀਨੀਆਰ ਆਗੂ ਅਹਿਮਦ ਪਟੇਲ, ਮਲਿਕ ਅਰਜੁਨ ਖੜਗੇ ਅਤੇ ਕੇ ਸੀ ਵੇਣੂਗੋਪਾਲ ਨੂੰ ਮੁੰਬਈ ਭੇਜਿਆ ਸੀ ਅਤੇ ਖ਼ੁਦ ਵੀ ਸ਼ਰਦ ਪਵਾਰ ਨਾਲ ਗੱਲਬਾਤ ਕੀਤੀ। ਸ਼ਰਦ ਪਵਾਰ ਅਤੇ ਉਧਵ ਠਾਕਰੇ ਨੇ ਵੱਖਰੇ ਵੱਖਰੇ ਤੌਰ ’ਤੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਸੰਜੇ ਰਾਉਤ ਨਾਲ ਵੀ ਮੁਲਾਕਾਤ ਕੀਤੀ ਹੈ।