ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਦਾ ਖ਼ਿਤਾਬੀ ਸੁਫ਼ਨਾ ਟੁੱਟਿਆ
ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਉਸ ਦਾ ਖ਼ਿਤਾਬੀ ਸੁਫ਼ਨਾ ਤੋੜ ਦਿੱਤਾ ਅਤੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਮ ਕਰ ਲਈ। ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਬੈੱਥ ਮੂਨੀ ਅਤੇ ਐਲਿਸਾ ਹੀਅਲੀ ਦੇ ਨੀਮ-ਸੈਂਕੜੇ ਦੀ ਬਦੌਲਤ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ, ਫਿਰ ਮੈਗਨ ਸ਼ੱਟ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ 19.1 ਓਵਰਾਂ ਵਿੱਚ 99 ਦੌੜਾਂ ’ਤੇ ਸਮੇਟ ਦਿੱਤਾ।
ਕੌਮਾਂਤਰੀ ਮਹਿਲਾ ਦਿਵਸ ਦੇ ਦਿਨ ਖੇਡੇ ਗਏ ਮੁਕਾਬਲੇ ਵਿੱਚ ਆਸਟਰੇਲਿਆਈ ਟੀਮ ਛੇਵੀਂ ਵਾਰ ਫਾਈਨਲ ਵਿੱਚ ਪਹੁੰਚੀ ਸੀ, ਜਦੋਂਕਿ ਭਾਰਤ ਦਾ ਇਹ ਪਹਿਲਾ ਖ਼ਿਤਾਬੀ ਮੁਕਾਬਲਾ ਸੀ। ਭਾਰਤੀ ਟੀਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਮੀਂਹ ਕਾਰਨ ਰੱਦ ਹੋ ਗਿਆ ਸੀ। ਗਰੁੱਪ ਗੇੜ ਵਿੱਚ ਚੋਟੀ ’ਤੇ ਰਹਿਣ ਕਾਰਨ ਭਾਰਤ ਨੂੰ ਫਾਈਨਲ ਖੇਡਣ ਦਾ ਮੌਕਾ ਮਿਲਿਆ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਆਸਟਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਟੀਮ ਅੱਜ ਦਬਾਅ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਸੀਨੀਅਰ ਕ੍ਰਮ ਦੇ ਡਿੱਗਣ ਨਾਲ ਉਸ ਦੀ ਪਹਿਲਾ ਖ਼ਿਤਾਬ ਜਿੱਤਣ ਦੀ ਉਮੀਦ ਟੁੱਟ ਗਈ।
ਦੂਜੇ ਪਾਸੇ ਆਸਟਰੇਲੀਆ ਦਾ ਇਹ ਪੰਜਵਾ ਖ਼ਿਤਾਬ ਹੈ। ਉਸ ਨੇ ਇਸ ਤੋਂ ਪਹਿਲਾਂ ਚਾਰ ਖ਼ਿਤਾਬ (2010, 2012, 2014, 2018) ਜਿੱਤੇ ਸਨ, ਜਦਕਿ 2016 ਵਿੱਚ ਉਸ ਨੂੰ ਫਾਈਨਲ ਵਿੱਚ ਵੈਸਟ ਇੰਡੀਜ਼ ਨੇ ਹਰਾਇਆ ਸੀ। ਪਹਿਲੇ ਮੈਚ ਵਿੱਚ ਭਾਰਤ ਤੋਂ ਹਾਰਨ ਦੇ ਬਾਵਜੂਦ ਮੈੱਗ ਲੈਨਿੰਗ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਦਾ ਟੂਰਨਾਮੈਂਟ ਵਿੱਚ ਸਫ਼ਰ ਸ਼ਾਨਦਾਰ ਰਿਹਾ।
ਆਸਟਰੇਲੀਆ ਨੇ ਅੱਜ ਇੱਥੇ ਐੱਮਸੀਜੀ ’ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਮੂਨੀ (ਨਾਬਾਦ 78 ਦੌੜਾਂ) ਅਤੇ ਹੀਅਲੀ (75 ਦੌੜਾਂ) ਦੇ ਨੀਮ-ਸੈਂਕੜਿਆਂ ਦੀ ਬਦੌਲਤ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ। ਫਿਰ ਮੇਜ਼ਬਾਨ ਦੇ ਗੇਂਦਬਾਜ਼ਾਂ ਨੇ ਭਾਰਤੀ ਪਾਰੀ ਨੂੰ 100 ਦੌੜਾਂ ਤੋਂ ਪਹਿਲਾਂ ਹੀ ਸਮੇਟ ਦਿੱਤਾ। ਮਹਿਮਾਨ ਟੀਮ ਦੀਆਂ ਸਿਰਫ਼ ਚਾਰ ਬੱਲੇਬਾਜ਼ ਹੀ ਦਹਾਈ ਅੰਕ ਦੇ ਸਕੋਰ ਤੱਕ ਪਹੁੰਚ ਸਕੀਆਂ, ਜਿਸ ਵਿੱਚ ਦੀਪਤੀ ਸ਼ਰਮਾ (33 ਦੌੜਾਂ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (ਦੋ ਦੌੜਾਂ), ਸਮ੍ਰਿਤੀ ਮੰਧਾਨਾ (11 ਦੌੜਾਂ), ਜੇਮੀਮ੍ਹਾ ਰੌਡਰਿਗਜ਼ (ਸਿਫ਼ਰ) ਅਤੇ ਕਪਤਾਨ ਹਰਮਨਪ੍ਰੀਤ ਕੌਰ (ਚਾਰ) ਛੇ ਓਵਰਾਂ ਵਿੱਚ ਹੀ ਪੈਵਿਲੀਅਨ ਪਰਤ ਗਈਆਂ। ਇਸੇ ਤਰ੍ਹਾਂ ਵਿਕਟਕੀਪਰ/ਬੱਲੇਬਾਜ਼ ਤਾਨੀਆ ਭਾਟੀਆ ਦੂਜੇ ਓਵਰ ਵਿੱਚ ਰਿਟਾਇਰ ਹਰਟ ਹੋ ਗਈ। ਸਪਿੰਨਰ ਜੈੱਸ ਜੋਨਾਸਨ ਦੀ ਗੇਂਦ ਉਸਦੇ ਹੈਲਮੇਟ ’ਤੇ ਵੱਜੀ ਸੀ। ਦੀਪਤੀ ਸ਼ਰਮਾ ਤੋਂ ਇਲਾਵਾ ਸਿਰਫ਼ ਵੇਦਾ ਕ੍ਰਿਸ਼ਨਾਮੂਰਤੀ (19 ਦੌੜਾਂ) ਅਤੇ ਰਿਚਾ ਘੋਸ਼ (14 ਦੌੜਾਂ) ਹੀ ਕੁੱਝ ਦੌੜਾਂ ਬਣਾ ਸਕੀਆਂ ਅਤੇ ਪੂਰੀ ਟੀਮ 99 ਦੌੜਾਂ ’ਤੇ ਸਿਮਟ ਗਈ। ਆਸਟਰੇਲੀਆ ਲਈ ਮੈਗਨ ਸ਼ੱਟ ਨੇ 3.1 ਓਵਰਾਂ ਵਿੱਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸੋਫ਼ੀ ਮੌਲੀਨੈਕਸ, ਡੈਲਿਸਾ ਕਮਿਨਸ ਅਤੇ ਨਿਕੋਲਾ ਕੈਰੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਹੀਅਲੀ ਅਤੇ ਮੂਨੀ ਨੇ ਮਿਲੇ ਜੀਵਨਦਾਨ ਦਾ ਫ਼ਾਇਦਾ ਉਠਾਉਂਦਿਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਦੋਵਾਂ ਨੇ 11.5 ਓਵਰਾਂ ਵਿੱਚ ਪਹਿਲੀ ਵਿਕਟ ਲਈ 115 ਦੌੜਾਂ ਦੀ ਭਾਈਵਾਲੀ ਕਰਦਿਆਂ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਮੂਨੀ ਨੇ ਆਪਣੀ 54 ਗੇਂਦਾਂ ਦੀ ਨਾਬਾਦ ਪਾਰੀ ਦੌਰਾਨ 10 ਚੌਕੇ ਜੜੇ।
ਹੀਅਲੀ ਦਾ ਕੈਚ ਸਪਿੰਨਰ ਰਾਧਾ ਯਾਦਵ ਦੀ ਗੇਂਦ ’ਤੇ ਵੇਦਾ ਕ੍ਰਿਸ਼ਨਾਮੂਰਤੀ ਨੇ ਲਿਆ। ਮੂਨੀ ਨੇ ਫਿਰ ਕਪਤਾਨ ਲੈਨਿੰਗ ਨਾਲ 39 ਦੌੜਾਂ ਜੋੜੀਆਂ। ਦੀਪਤੀ ਦੇ ਦੋ ਵਿਕਟਾਂ ਲੈਣ ਮਗਰੋਂ ਭਾਰਤ ਨੇ 17ਵੇਂ ਓਵਰ ਵਿੱਚ ਕੁਝ ਸਮੇਂ ਲਈ ਦਬਾਅ ਬਣਾਇਆ। ਸ਼ਿਖਾ ਪਾਂਡੇ ਨੇ ਦੂਜੀ ਗੇਂਦ ’ਤੇ ਲੈਨਿੰਗ (ਛੇ) ਨੂੰ ਆਊਟ ਕੀਤਾ, ਜਦਕਿ ਤਿੰਨ ਗੇਂਦਾਂ ਮਗਰੋਂ ਐਸ਼ਲੇ ਗਾਰਡਨਰ ਨੂੰ ਤਾਨੀਆ ਭਾਟੀਆ ਨੇ ਸਟੰਪ ਆਊਟ ਕਰ ਦਿੱਤਾ। ਪੂਨਮ ਯਾਦਵ ਨੇ ਰਸ਼ੇਲ ਹਾਇਨਸ (ਚਾਰ ਦੌੜਾਂ) ਨੂੰ ਬਾਹਰ ਦਾ ਰਾਹ ਵਿਖਾਇਆ। ਮੂਨੀ ਨੇ ਫਿਰ ਵੀ ਖੇਡਣਾ ਜਾਰੀ ਰੱਖਿਆ ਅਤੇ ਨਿਕੋਲਾ ਕੈਰੀ (ਨਾਬਾਦ ਪੰਜ ਦੌੜਾ) ਨਾਲ ਮਿਲ ਕੇ ਆਪਣੀ ਟੀਮ ਨੂੰ 190 ਦੌੜਾਂ ਦੇ ਨੇੜੇ ਪਹੁੰਚਾਇਆ। ਭਾਰਤ ਵੱਲੋਂ ਸਪਿੰਨਰ ਦੀਪਤੀ (38 ਦੌੜਾਂ ਦੇ ਕੇ) ਨੇ ਦੋ ਵਿਕਟਾਂ ਲਈਆਂ, ਜਦੋਂਕਿ ਰਾਧਾ ਯਾਦਵ (34 ਦੌੜਾਂ ਦੇ ਕੇ) ਅਤੇ ਪੂਨਮ ਯਾਦਵ (30 ਦੌੜਾਂ ਦੇ ਕੇ) ਦੇ ਹੱਥ ਇੱਕ-ਇੱਕ ਵਿਕਟ ਲੱਗੀ।