ਮਹਿਲਾ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾ ਅੱਜ
ਪਹਿਲਾਂ ਹੀ ਇਤਿਹਾਸ ਦੇ ਪੰਨਿਆਂ ਵਿੱਚ ਨਾਮ ਦਰਜ ਕਰਵਾ ਚੁੱਕੀ ਭਾਰਤੀ ਮਹਿਲਾ ਹਾਕੀ ਟੀਮ ਦਾ ਟੀਚਾ ਹੁਣ ਟੋਕੀਓ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਅਰਜਨਟੀਨਾ ਨੂੰ ਸ਼ਿਕਸਤ ਦੇ ਕੇ ਨਵੀਆਂ ਬੁਲੰਦੀਆਂ ਛੂਹਣ ਦਾ ਹੋਵੇਗਾ। ਆਤਮਵਿਸ਼ਵਾਸ ਨਾਲ ਭਰਪੂਰ 18 ਮੈਂਬਰੀ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ਦੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਇਕਲੌਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜੋ ਅਖ਼ੀਰ ਵਿੱਚ ਫ਼ੈਸਾਲਕੁਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਸਾਰੇ ਹਾਲਾਤ ਰਾਣੀ ਰਾਮਪਾਲ ਦੀ ਅਗਵਾਈ ਅਤੇ ਸੋਰਡ ਮਾਰਿਨ ਦੀ ਕੋਚਿੰਗ ਵਾਲੀ ਟੀਮ ਦੇ ਖ਼ਿਲਾਫ਼ ਸਨ।
ਭਾਰਤੀ ਪੁਰਸ਼ ਟੀਮ ਦੇ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰਨ ਮਗਰੋਂ ਸਾਰਿਆਂ ਦੀਆਂ ਨਜ਼ਰਾਂ ਹੁਣ ਕੁੜੀਆਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਈਆਂ ਹਨ। ਭਾਰਤੀ ਮਹਿਲਾ ਟੀਮ ਇੱਥੇ ਆਪਣੇ ਪ੍ਰਦਰਸ਼ਨ ਕਾਰਨ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ। ਇਹ ਉਸ ਦੀ ਹੁਣ ਤੱਕ ਦੀ ਸਰਵੋਤਮ ਦਰਜਾਬੰਦੀ ਹੈ। ਫਿਰ ਵੀ ਉਸ ਦਾ ਸਾਹਮਣਾ ਵਿਸ਼ਵ ਦੀ ਨੰਬਰ ਦੋ ਅਰਜਨਟੀਨਾ ਨਾਲ ਹੋਵੇਗਾ, ਜੋ ਪੰਜ ਸਾਲ ਪਹਿਲਾਂ ਰੀਓ ਖੇਡਾਂ ਵਿੱਚ ਖੁੰਝਣ ਮਗਰੋਂ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੇਗੀ। ਗੋਲਕੀਪਰ ਸਵਿਤਾ ਪੂਨੀਆ ਦੀ ਅਗਵਾਈ ਵਿੱਚ ਭਾਰਤੀ ਡਿਫੈਂਡਰਾਂ ਨੇ ਆਸਟਰੇਲੀਆ ਖ਼ਿਲਾਫ਼ ਬਿਹਤਰੀਨ ਖੇਡ ਦਿਖਾਈ ਅਤੇ ਆਪਣੇ ਇਕਲੌਤੇ ਗੋਲ ਦਾ ਅਖ਼ੀਰ ਤੱਕ ਬਚਾਅ ਕੀਤਾ। ਗੁਰਜੀਤ, ਦੀਪ ਗਰੇਸ ਏਕਾ, ਮੋਨਿਕਾ ਅਤੇ ਉਦਿਤਾ ਨੂੰ ਅਰਜਨਟੀਨਾ ਦੀ ਲੈਸ ਲਾਇਨਜ਼ ਵਰਗੀਆਂ ਖਿਡਾਰਨਾਂ ਨੂੰ ਰੋਕਣ ਲਈ ਇਸੇ ਤਰ੍ਹਾਂ ਦੀ ਲੈਅ ਜਾਰੀ ਰੱਖਣੀ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਦੇ ਹਾਲੀਆ ਰਿਕਾਰਡ ਨੂੰ ਖੰਗਾਲਿਆ ਜਾਵੇ ਤਾਂ ਅਰਜਨਟੀਨਾ ਦਾ ਪੱਲੜਾ ਭਾਰੀ ਲਗਦਾ ਹੈ। ਇਸ ਸਾਲ ਓਲੰਪਿਕ ਤੋਂ ਪਹਿਲਾਂ ਭਾਰਤੀ ਮਹਿਲਾਵਾਂ ਨੇ ਅਰਜਨਟੀਨਾ ਦਾ ਦੌਰਾ ਕੀਤਾ ਸੀ। ਭਾਰਤ ਨੇ ਉੱਥੇ ਸੱਤ ਮੈਚ ਖੇਡੇ ਸਨ।