ਮਹਿੰਗਾਈ ਭੱਤੇ ’ਤੇ ਰੋਕ ਲਾਉਣਾ ਅਸੰਵੇਦਨਸ਼ੀਲ ਤੇ ਅਣਮਨੁੱਖੀ: ਰਾਹੁਲ

ਮਹਿੰਗਾਈ ਭੱਤੇ ’ਤੇ ਰੋਕ ਲਾਉਣਾ ਅਸੰਵੇਦਨਸ਼ੀਲ ਤੇ ਅਣਮਨੁੱਖੀ: ਰਾਹੁਲ

ਕਾਂਗਰਸ ਨੇ ਕੇਂਦਰੀ ਮੁਲਾਜ਼ਮਾਂ ਨੂੰ ਮਿਲਦਾ ਮਹਿੰਗਾਈ ਭੱਤਾ ਅਗਲੇ ਇਕ ਸਾਲ ਲਈ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ‘ਅੰਸਵੇਦਨਸ਼ੀਲ ਤੇ ਅਣਮਨੁੱਖੀ’ ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਮੱਧ-ਵਰਗ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ‘ਸੱਟ’ ਮਾਰਨ ਦੀ ਥਾਂ ਸਰਕਾਰ ਨੂੰ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਪੈਸਾ ਬਚਾਉਣ ਲਈ ਬੁਲੇਟ ਟਰੇਨ ਤੇ ਸੈਂਟਰਲ ਵਿਸਟਾ ਪ੍ਰਾਜੈਕਟਾਂ ਨੂੰ ਮੁਲਤਵੀ ਕਰਨਾ ਚਾਹੀਦਾ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਿੰਦੀ ਵਿੱਚ ਕੀਤੇ ਇਕ ਟਵੀਟ ’ਚ ਕਿਹਾ, ‘ਕਰੋਨਾਵਾਇਰਸ ਖ਼ਿਲਾਫ਼ ਲੜਦਿਆਂ ਲੋਕਾਂ ਦੀ ਸੇਵਾ ਕਰ ਰਹੇ ਕੇਂਦਰੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਜਵਾਨਾਂ ਨੂੰ ਮਿਲਦਾ ਮਹਿੰਗਾਈ ਭੱਤਾ ਬੰਦ ਕਰਨ ਦਾ ਕੇਂਦਰ ਸਰਕਾਰ ਦਾ ਫੈਸਲਾ ਅੰਸਵੇਦਨਸ਼ੀਲ ਤੇ ਅਣਮਨੁੱਖੀ ਹੈ। ਸਰਕਾਰ ਨੂੰ ਇਹਦੀ ਥਾਂ ਲੱਖਾਂ ਕਰੋੜਾਂ ਰੁਪਏ ਮੁੱਲ ਦੇ ਬੁਲੇਟ ਟਰੇਨ ਤੇ ਕੇਂਦਰੀ ਸੁੰਦਰੀਕਰਨ ਪ੍ਰਾਜੈਕਟਾਂ ਨੂੰ ਮੁਲਤਵੀ ਕਰਨਾ ਚਾਹੀਦਾ ਸੀ।’ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਆਪਣੇ 30 ਫੀਸਦ ਖਰਚਿਆਂ ਵਿੱਚ ਕਟੌਤੀ ਕਰੇ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਕੇ ਇਸ ਪਾਸੇ ਲੱਗਣ ਵਾਲੇ ਪੈਸੇ ਨੂੰ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਲਾਏ।
ਸੁਰਜੇਵਾਲਾ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਭਾਰਤ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਵਿੱਤੀ ਮਦਦ ਦੇ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਥਾਂ ਉਨ੍ਹਾਂ ਨੂੰ ਸੱਟ ਮਾਰ ਰਹੀ ਹੈ। ਸਰਕਾਰ ਆਪਣੇ ਬੇਲੋੜੇ ਖਰਚਿਆਂ ਨੂੰ ਘਟਾਉਣ ਦੀ ਥਾਂ ਮੱਧ ਵਰਗ ਦੇ ਲੋਕਾਂ ਨੂੰ ਮਿਲਦੇ ਪੈਸੇ ’ਚ ਕਟੌਤੀ ਦੇ ਰਾਹ ਪੈ ਗਈ ਹੈ।’ ਸੁਰਜੇਵਾਲਾ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਬੇਲੋੜੇ ਖਰਚਿਆਂ ਵਿੱਚ 30 ਫੀਸਦ ਕਟੌਤੀ ਕਰੇ ਤਾਂ ਇਸ ਨਾਲ 2.5 ਲੱਖ ਕਰੋੜ ਰੁਪਏ ਬਚਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੇਂਦਰੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਰੱਖਿਆ ਅਮਲੇ ਦੇ ਮਹਿੰਗਾਈ ਤੇ ਰਾਹਤ ਭੱਤੇ ’ਤੇ ਲਾਈ ਰੋਕ ਦੇ ਫੈਸਲੇ ਨੂੰ ਵਾਪਸ ਲਏ। ਸੁਰਜੇਵਾਲਾ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਰਾਜਾਂ ਤੇ ਨਿੱਜੀ ਖੇਤਰਾਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਕਟੌਤੀ ਨਾ ਕੀਤੇ ਜਾਣ ਦਾ ਪਾਠ ਪੜ੍ਹਾ ਰਹੇ ਹਨ ਤੇ ਦੂਜੇ ਪਾਸੇ ਖ਼ੁਦ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਕੈਂਚੀ ਲਾਉਣ ਦੇ ਹਾਮੀ ਹਨ। 

Radio Mirchi