ਮਹਿੰਗੀ ਬਿਜਲੀ: ਲੋਕ ਇਨਸਾਫ਼ ਪਾਰਟੀ ਨੇ ਸਰਕਾਰ ਨੂੰ ‘ਕਰੰਟ’ ਮਾਰਿਆ

ਮਹਿੰਗੀ ਬਿਜਲੀ: ਲੋਕ ਇਨਸਾਫ਼ ਪਾਰਟੀ ਨੇ ਸਰਕਾਰ ਨੂੰ ‘ਕਰੰਟ’ ਮਾਰਿਆ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ’ਚ ਮਹਿੰਗੀਆਂ ਬਿਜਲੀ ਦੀਆਂ ਦਰਾਂ ਖ਼ਿਲਾਫ਼ ਸੰਘਰਸ਼ ਛੇੜ ਦਿੱਤਾ ਹੈ। ਉਨ੍ਹਾਂ ਇਸ ਦੀ ਸ਼ੁਰੂਆਤ ਜਲੰਧਰ ਸ਼ਹਿਰ ਤੋਂ ਕਰਦਿਆਂ ਇਥੇ ਵੱਖ-ਵੱਖ ਇਲਾਕਿਆਂ ’ਚ ਦੋ ਦਰਜਨ ਦੇ ਕਰੀਬ ਕੁਨੈਕਸ਼ਨ ਜੋੜੇ, ਜੋ ਪਾਵਰਕੌਮ ਨੇ ਬਿੱਲ ਭੁਗਤਾਨ ਨਾ ਹੋਣ ਕਾਰਨ ਕੱਟ ਦਿੱਤੇ ਸਨ। ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਜਲੰਧਰ ਇਲਾਕੇ ਦੇ ਸਿਰਫ਼ ਚਾਰ ਕੁਨੈਕਸ਼ਨਾਂ ਦੀ ਜਾਣਕਾਰੀ ਸੀ ਜਿਹੜੇ ਲੋਕ ਜ਼ਿਆਦਾ ਬਿੱਲ ਆਉਣ ਕਾਰਨ ਨਹੀਂ ਤਾਰ ਸਕੇ ਸਨ ਤੇ ਪਾਵਰਕੌਮ ਨੇ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਸਨ। ਉਨ੍ਹਾਂ 61 ਹਜ਼ਾਰ ਦੇ ਕਰੀਬ ਉਨ੍ਹਾਂ ਲੋਕਾਂ ਦੀ ਲਿਸਟ ਦਿਖਾਈ, ਜਿਨ੍ਹਾਂ ਦਾ ਬਿੱਲ 40 ਹਜ਼ਾਰ ਤੋਂ ਵੱਧ ਦਾ ਆਇਆ ਹੋਇਆ ਸੀ ਤੇ ਉਨ੍ਹਾਂ ’ਚੋਂ ਬਹੁਤਿਆਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਸਨ। ਸ੍ਰੀ ਬੈਂਸ ਨੇ ਕੁਨੈਕਸ਼ਨ ਜੋੜਨ ਦੀ ਸ਼ੁਰੂਆਤ ਲੰਮਾ ਪਿੰਡ ਚੌਕ ਤੇ ਸੰਤੋਖਪੁਰਾ ਇਲਾਕੇ ਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਉਨ੍ਹਾਂ ਦੀ ਪਾਰਟੀ ਇਸ ਮੁਹਿੰਮ ਨੂੰ ਜਾਰੀ ਰੱਖੇਗੀ।
ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਤੇ ਕੈਪਟਨ ਦੇ ਆਪਸ ਵਿੱਚ ਰਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਿੱਜੀ ਕੰਪਨੀਆਂ ਤੋਂ ਮਹਿੰਗੀ ਬਿਜਲੀ ਖਰੀਦਣ ਦੇ ਮਾਮਲੇ ਵਿਚ ਇਕ ਦੂਜੇ ’ਤੇ ਦੋਸ਼ ਲਾ ਰਹੇ ਹਨ ਜਦਕਿ ਅੰਦਰਖਾਤੇ ਦੋਵੇਂ ਧਿਰਾਂ ਇਨ੍ਹਾਂ ਕੰਪਨੀਆਂ ਤੋਂ ਮੋਟੇ ਪੈਸੇ ਲੈ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਵਿਰੁੱਧ ਇਕਜੁੱਟ ਹੋ ਕੇ ਲੋਕ ਇਨਸਾਫ ਪਾਰਟੀ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜਿਹੜੇ ਕੁਨੈਕਸ਼ਨ ਗਰੀਬ ਲੋਕਾਂ ਦੇ ਜੋੜੇ ਗਏ ਹਨ, ਉਹ ਮੁੜ ਕੱਟਣ ਨਹੀਂ ਦਿੱਤੇ ਜਾਣਗੇ। ਸ੍ਰੀ ਬੈਂਸ ਨੇ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਮਿੱਥੇ ਰੇਟ ਦੇਣ ਦਾ ਸਮਝੌਤਾ ਕਰਨ ਨਾਲ ਹੀ ਸੂਬੇ ਦੇ ਲੋਕਾਂ ਉੱਪਰ ਹਜ਼ਾਰਾਂ ਕਰੋੜਾਂ ਦਾ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਲੋਕਾਂ ਦਾ ਬਕਾਇਆ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਾਵਰਕੌਮ ਨੇ ਲੋਕਾਂ ਨੂੰ ਕੋਈ ਜੁਰਮਾਨੇ ਪਾਏ ਤਾਂ ਲੋਕ ਇਨਸਾਫ਼ ਪਾਰਟੀ ਇਹ ਹਰਜਾਨੇ ਭਰਨ ਨੂੰ ਤਿਆਰ ਹੈ ਤੇ ਲੋਕਾਂ ਦਾ ਡੱਟ ਕੇ ਸਾਥ ਦੇਵੇਗੀ। ਸ੍ਰੀ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੇ ਕੱਟੇ ਹੋਏ ਕੁਨੈਕਸ਼ਨ ਜੋੜਨ ਲਈ ਆਪ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਹੀ ਸਭ ਤੋਂ ਵੱਧ ਬਿਜਲੀ ਦੀ ਖ਼ਪਤ ਹੁੰਦੀ ਹੈ। ਇਨ੍ਹਾਂ ਚਾਰ ਮਹੀਨਿਆਂ ਨੂੰ ਛੱਡ ਕੇ ਬਾਕੀ ਦੇ ਅੱਠ ਮਹੀਨਿਆਂ ਦੇ ਪੰਜਾਬ ਦੇ ਲੋਕਾਂ ਨੂੰ ਵਾਧੂ ਪੈਸੇ ਦੇਣੇ ਪੈ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰ ਸਾਲ 2000 ਕਰੋੜ ਰੁਪਏ ਬਿਜਲੀ ਕੰਪਨੀਆਂ ਨੂੰ ਦੇਣਾ ਪੈ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਵੇਗੀ ਪਰ ਹੁਣ ਤਿੰਨ ਸਾਲ ਬੀਤ ਗਏ ਹਨ, ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ।

Radio Mirchi