ਮਾਲਿਆ ਦੀ ਸਪੁਰਦਗੀ ਮਾਮਲੇ ’ਚ ਭਾਰਤ ਨੂੰ ਮਿਲੀ ਕਾਮਯਾਬੀ

ਮਾਲਿਆ ਦੀ ਸਪੁਰਦਗੀ ਮਾਮਲੇ ’ਚ ਭਾਰਤ ਨੂੰ ਮਿਲੀ ਕਾਮਯਾਬੀ

ਭਾਰਤ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ’ਚ ਅੱਜ ਵੱਡੀ ਕਾਮਯਾਬੀ ਮਿਲੀ ਹੈ। ਮਾਲਿਆ ਭਾਰਤ ਨੂੰ ਸਪੁਰਦ ਕੀਤੇ ਜਾਣ ਦੇ ਹੁਕਮਾਂ ਖ਼ਿਲਾਫ਼ ਕੇਸ ਹਾਰ ਗਿਆ ਹੈ। ਵਿਜੈ ਮਾਲਿਆ ਤਕਰੀਬਨ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ’ਚ ਭਾਰਤ ਨੂੰ ਲੋੜੀਂਦਾ ਹੈ। ਹੁਣ ਬੰਦ ਪਈ ਕਿੰਗਫਿਸ਼ਰ ਏਅਰਲਾਈਨਜ਼ ਦੇ 64 ਸਾਲਾ ਮਾਲਕ ਨੇ ਇਸ ਸਾਲ ਫਰਵਰੀ ’ਚ ਸੁਣਵਾਈ ਦੌਰਾਨ ਭਾਰਤ ਨੂੰ ਸਪੁਰਦ ਕੀਤੇ ਜਾਣ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਸੀ। ਰੌਇਲ ਕੋਰਟ ਆਫ ਜਸਟਿਸ ਦੇ ਜੱਜ ਸਟੀਫਨ ਇਰਵਿਨ ਅਤੇ ਜੱਜ ਐਲਿਜ਼ਾਬੈਥ ਲਾਂਗ ਦੇ ਦੋ ਮੈਂਬਰੀ ਬੈਂਚ ਨੇ ਆਪਣੇ ਫ਼ੈਸਲੇ ’ਚ ਮਾਲਿਆ ਦੀ ਅਪੀਲ ਖਾਰਜ ਕਰ ਦਿੱਤੀ ਹੈ। ਕਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਹੋਈ। ਜੱਜਾਂ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਸੀਨੀਅਰ ਜ਼ਿਲ੍ਹਾ ਜੱਜ ਵੱਲੋਂ ਪਹਿਲੀ ਨਜ਼ਰੇ ਵਿਜੈ ਮਾਲਿਆ ਖ਼ਿਲਾਫ਼ ਜੋ ਕੇਸ ਤੈਅ ਕੀਤਾ ਗਿਆ ਹੈ ਉਸ ਦਾ ਦਾਇਰਾ ਭਾਰਤ ਵੱਲੋਂ ਲਗਾਏ ਗਏ ਦੋਸ਼ਾਂ ਨਾਲੋਂ ਵੱਡਾ ਹੈ ਅਤੇ ਭਾਰਤ ਵੱਲੋਂ ਇਸ ਕੇਸ ’ਚ ਜੋ ਦੋਸ਼ ਲਗਾਏ ਗਏ ਹਨ ਉਨ੍ਹਾਂ ’ਚੋਂ ਕਈ ਨੁਕਤੇ ਬਰਤਾਨਵੀ ਜੱਜ ਵੱਲੋਂ ਤੈਅ ਕੀਤੇ ਗਏ ਕੇਸ ਨਾਲ ਮੇਲ ਖਾਂਦੇ ਹਨ।’ ਮਾਲਿਆ ਕੋਲ ਬਰਤਾਨੀਆ ਦੇ ਸੁਪਰੀਮ ਕੋਰਟ ’ਚ ਅਪੀਲ ਲਈ 14 ਦਿਨ ਦਾ ਸਮਾਂ ਹੈ। ਜੇਕਰ ਉਹ ਅਪੀਲ ਕਰਦਾ ਹੈ ਤਾਂ ਬਰਤਾਨੀਆ ਦਾ ਗ੍ਰਹਿ ਵਿਭਾਗ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰੇਗਾ। ਨਹੀਂ ਤਾਂ ਬਰਤਾਨੀਆ-ਭਾਰਤ ਸਮਝੌਤੇ ਤਹਿਤ ਮਾਲਿਆ ਨੂੰ 28 ਦਿਨਾਂ ਅੰਦਰ ਭਾਰਤ ਦੇ ਸਪੁਰਦ ਕੀਤਾ ਜਾਵੇਗਾ।

Radio Mirchi