ਮਿਲਟਰੀ ਲਿਟਰੇਚਰ ਫੈਸਟੀਵਲ: ਭਾਰਤ ਦੇ ਏਕੇ ਦੇ ਸਿਧਾਂਤ ਨੂੰ ਨਿਸ਼ਾਨਾ ਬਣੀਆਂ ਰਹੀਆਂ ਹਨ ਫਿਰਕੂ ਤਾਕਤਾਂ
ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੌਰਾਨ ਟੀਐੱਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਆਖਿਆ ਕਿ ਫਿਰਕੂ ਤਾਕਤਾਂ ਭਾਰਤ ਦੇ ਏਕੇ ਦੇ ਸਿਧਾਂਤ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਵਿਰੋਧੀ ਧਿਰਾਂ, ਭਾਜਪਾ ਦੇ ਏਜੰਡੇ ਤੋਂ ਅਣਜਾਣ ਸਨ ਅਤੇ ਹੁਣ ਉਹ ਭਾਜਪਾ ਦੇ ਨਾਪਾਕ ਇਰਾਦਿਆਂ ਨੂੰ ਸਮਝ ਚੁੱਕੀਆਂ ਹਨ, ਜਿਸ ਦੇ ਟਾਕਰੇ ਲਈ ਇਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਅਸਫ਼ਲਤਾ ਨੂੰ ਛੁਪਾਉਣ ਲਈ ਧਰਮ ਦੀ ਓਟ ਲੈਂਦੀ ਰਹੀ ਹੈ। ਆਰਐੱਸਐੱਸ ਆਗੂ ਦੇਸ਼ ਰਤਨ ਨਿਗਮ ਨੇ ਆਖਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਮੁੱਢਲੇ ਤੌਰ ’ਤੇ ਸੈਕੂਲਰ ਸ਼ਬਦ ਨਹੀਂ ਸੀ, ਜੋ 42ਵੀਂ ਸੋਧ ਰਾਹੀਂ 1976 ਵਿੱਚ ਐਮਰਜੈਂਸੀ ਸਮੇਂ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 51ਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਧਿਕਾਰ ਹੈ ਕੌਮੀ ਸੱਭਿਆਚਾਰ ਅਤੇ ਵਿਰਾਸਤ ਦੀ ਰੱਖਿਆ ਕਰਨ ਦੀ ਆਜ਼ਾਦੀ ਦਿੰਦਾ ਹੈ। ਇਹ ਰਾਸ਼ਟਰਵਾਦ ਦਾ ਵਿਚਾਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ। ਪ੍ਰਸਿੱਧ ਪੱਤਰਕਾਰ ਮਾਰਕ ਟੱਲੀ ਨੇ ਆਖਿਆ ਕਿ ਪੂਰੀ ਦੁਨੀਆ ਵਿੱਚ ਰਾਸ਼ਟਰਵਾਦ ਦਾ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨੂੰ ਰਾਜਨੀਤਕ ਲਾਹੇ ਲਈ ਵਰਤਿਆ ਜਾਂਦਾ ਹੈ।
‘ਜੱਲ੍ਹਿਆਂਵਾਲਾ ਬਾਗ’ ਬਾਰੇ ਮਾਹਿਰਾਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਸਾਕੇ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਇਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਉਹ ਬਰਤਾਨਵੀਂ ਸਾਮਰਾਜ ਦੀਆਂ ਹੋਰ ਵਧੀਕੀਆਂ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਸ ਸਾਕੇ ਸਬੰਧੀ ਹੋਰ ਖੋਜ ਕੀਤੇ ਜਾਣ ਬਾਰੇ ਜ਼ੋਰ ਦਿੱਤਾ। ਇਸ ਗੋਸ਼ਟੀ ਵਿਚ ਇਤਿਹਾਸਕਾਰ ਕਿਸ਼ਵਾਰ ਦੇਸਾਈ, ਇਤਿਹਾਸਕਾਰ ਮਨੋਜ ਜੋਸ਼ੀ, ਵਾਲਟਰ ਰੀਡ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋ. ਸੁਖਦੇਵ ਸਿੰਘ ਸੋਹਲ ਨੇ ਵੀ ਹਿੱਸਾ ਲਿਆ। ਫੈਸਟੀਵਲ ਦੇ ਦੂਜੇ ਦਿਨ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਵੱਖ ਵੱਖ ਥਾਵਾਂ ’ਤੇ ਹੋ ਰਹੇ ਸਮਾਗਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ‘ਦਿ ਫਲੂਟ ਐਂਡ ਦਿ ਸਵਾਰਡ’ ਪੁਸਤਕ ਵੀ ਰਿਲੀਜ਼ ਕੀਤੀ।
ਇਸ ਦੌਰਾਨ ‘ਅੰਡਰਸਟੈਂਡਿੰਗ ਦਾ ਮੈਸੇਜ ਆਫ਼ ਬਾਲਾਕੋਟ’ ਵਿਸ਼ੇ ’ਤੇ ਏਅਰ ਚੀਫ਼ ਮਾਰਸ਼ਲ (ਸੇਵਾਮੁਕਤ) ਬੀ.ਐਸ. ਧਨੋਆ, ਸਕੂਐਡਰਨ ਲੀਡਰ (ਸੇਵਾਮੁਕਤ) ਸਮੀਰ ਜੋਸ਼ੀ, ਰੱਖਿਆ ਮਾਹਿਰ ਪ੍ਰਵੀਨ ਸਾਹਨੀ ਨੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਦੇਸ਼ ਨੇ 47 ਸਾਲਾਂ ਦੇ ਜੰਗੀ ਇਤਿਹਾਸ ਵਿੱਚ ਆਪਣੀ ਤਰ੍ਹਾਂ ਦਾ ਪਹਿਲੀ ਵਾਰ ਬਚਾਅ ਪੱਖੀ ਕਾਰਵਾਈ ਕੀਤੀ ਹੈ।