ਮੀਂਹ ਤੇ ਗੜਿਆਂ ਕਾਰਨ ਕਣਕ ਦਾ ਨੁਕਸਾਨ

ਮੀਂਹ ਤੇ ਗੜਿਆਂ ਕਾਰਨ ਕਣਕ ਦਾ ਨੁਕਸਾਨ

ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਬਾਰਸ਼ ਅਤੇ ਗੜਿਆਂ ਨੇ ਹਾੜੀ ਦੀ ਪ੍ਰਮੁੱਖ ਫਸਲ ਕਣਕ ਦਾ ਭਾਰੀ ਨੁਕਸਾਨ ਕੀਤਾ ਹੈ। ਮੰਡੀਆਂ ਵਿੱਚ ਪਈ ਕਣਕ ਵੀ ਮੀਂਹ ਦੀ ਮਾਰ ਹੇਠ ਆ ਗਈ ਅਤੇ ਖੇਤਾਂ ਵਿੱਚ ਖੜ੍ਹੀ ਫਸਲ ਵੀ ਨੁਕਸਾਨੀ ਗਈ। ਮੰਡੀਆਂ ਵਿੱਚ ਨੀਵੇਂ ਥਾਵਾਂ ’ਤੇ ਕਣਕ ਪੂਰੀ ਤਰ੍ਹਾਂ ਭਿੱਜ ਗਈ ਹੈ। ਤਾਜ਼ੇ ਮੀਂਹ ਨਾਲ ਕਣਕ ਦੀ ਵਾਢੀ ’ਤੇ ਵੀ ਅਸਰ ਪਿਆ ਤੇ ਕਈ ਜ਼ਿਲ੍ਹਿਆਂ ਵਿੱਚ ਕੰਬਾਈਨਾਂ ਨਾਲ ਕਟਾਈ ਮੁਸ਼ਕਿਲ ਹੋ ਗਈ ਹੈ। ਸੂਬੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੌਰਾਨ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੋਗਾ, ਬਰਨਾਲਾ, ਸੰਗਰੂਰ, ਲੁਧਿਆਣਾ ਅਤੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਦੀਆਂ ਰਿਪੋਰਟਾਂ ਹਨ। ਮੁਢਲੀਆਂ ਰਿਪੋਰਟਾਂ ਮੁਤਾਬਕ ਡਗਰੂ (ਮੋਗਾ) ਤੋਂ ਲੈ ਕੇ ਲੁਧਿਆਣਾ ਤੱਕ ਹਾਈਵੇਅ ਦੇ ਦੋਵੇਂ ਪਾਸੇ ਖਾਸ ਕਰਕੇ ਸਤਲੁਜ ਵਾਲੇ ਪਾਸੇ ਦੇ ਸੈਂਕੜੇ ਪਿੰਡਾਂ ’ਚ ਭਾਰੀ ਮੀਂਹ ਤੋਂ ਇਲਾਵਾ ਮੋਗਾ ਜ਼ਿਲ੍ਹੇ ’ਚ ਰੱਤੀਆਂ, ਹਰੀਏਵਾਲਾ, ਥੂੜਪੁਰ (ਨਿਹਾਲਸਿੰਘ ਵਾਲਾ), ਤਖਤੂਪੁਰਾ, ਮਾਛੀਕੇ ਆਦਿ ਪਿੰਡਾਂ ਵਿੱਚ ਦਰਮਿਆਨੀ ਅਤੇ ਬਰਨਾਲੇ ਲਾਗੇ ਸੋਹੀਆਂ, ਦੀਵਾਨਾ, ਹਠੂਰ, ਗੰਗੋਹਰ, ਮਹਿਲ ਖੁਰਦ, ਪੰਡੋਰੀ, ਛਾਪਾ, ਕੁਰੜ ਆਦਿ ਪਿੰਡ ’ਚ ਭਾਰੀ ਗੜੇਮਾਰੀ ਹੋਈ ਹੈ। ਪੱਕੀ ਕਣਕ ’ਚ ਪਾਣੀ ਵੀ ਖੜ੍ਹ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਕਣਕ ਅਤੇ ਹੋਰਨਾਂ ਫਸਲਾਂ ਦੇ ਨੁਕਸਾਨ ਸਬੰਧੀ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਤਾਜ਼ਾ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮੰਡੀਆਂ ’ਚ ਕਣਕ ਦੀ ਬੇਹੱਦ ਸੁਸਤ ਖਰੀਦ ਤੇਜ਼ ਕਰਨ ਲਈ ਲੋੜੀਂਦੇ ਪ੍ਰਬੰਧਾ ਦੀ ਘਾਟ ਸਮੇਤ ਬਾਰਦਾਨਾ ਅਤੇ ਤਰਪਾਲਾਂ ਵਗੈਰਾ ਦੀ ਘਾਟ ਵੀ ਪੂਰੀ ਕੀਤੀ ਜਾਵੇ।
ਜਲੰਧਰ (ਪਾਲ ਸਿੰਘ ਨੌਲੀ): ਅੱਜ ਦੁਪਹਿਰ ਬਾਅਦ ਪਏ ਮੀਂਹ ਤੇ ਗੜਿਆਂ ਨੇ ਕਣਕ ਦੀ ਪੱਕੀ ਫਸਲ ਦਾ ਜਿੱਥੇ ਨੁਕਸਾਨ ਕੀਤਾ ਹੈ ਉਥੇ ਮੰਡੀਆਂ ਵਿੱਚ ਕਣਕ ਵੀ ਬੁਰੀ ਤਰ੍ਹਾਂ ਭਿੱਜ ਗਈ। ਸ਼ਾਹਕੋਟ, ਮਲਸੀਆਂ, ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਤੇਜ਼ ਅਤੇ ਗੜੇਮਾਰੀ ਨਾਲ ਕਣਕ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨ ਵੀ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਮੀਂਹ ਦੌਰਾਨ ਕਈ ਮੰਡੀਆਂ ਵਿੱਚ ਤਾਂ ਕਿਸਾਨਾਂ ਨੂੰ ਤਰਪਾਲਾਂ ਦੀ ਘਾਟ ਰੜਕਦੀ ਰਹੀ। ਜਲੰਧਰ ਤੇ ਕਪੂਰਥਲਾ ਦੀਆਂ ਕਈ ਮੰਡੀਆਂ ਵਿੱਚ ਤਾਂ ਕਣਕ ਦੀਆਂ ਢੇਰੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਸੀ। ਦੋ-ਤਿੰਨ ਦਿਨਾਂ ਤੋਂ ਮੌਸਮ ਦੀ ਚੱਲ ਰਹੀ ਖਰਾਬੀ ਕਾਰਨ ਕਣਕ ਦੀ ਵਾਢੀ ਦਾ ਕੰਮ ਤੇਜ਼ੀ ਨਹੀਂ ਫੜ ਰਿਹਾ। ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਕਣਕ ਦੇ ਬੋਹਲਾਂ ਵਿੱਚ ਪਾਣੀ ਫਿਰ ਗਿਆ। ਮੰਡੀ ਵਿੱਚੋਂ ਪਾਣੀ ਕੱਢਣ ਲਈ ਕਿਸਾਨਾਂ ਨੇ ਟਰੈਕਟਰਾਂ ਪਿੱਛੇ ਕਰਾਹੇ ਪਾ ਕੇ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮਜ਼ਦੂਰਾਂ ਦੇ ਨਾਲ ਕਈ ਆੜ੍ਹਤੀਏ ਵੀ ਮੰਡੀ ’ਚੋਂ ਪਾਣੀ ਕੱਢਣ ’ਚ ਮਦਦ ਕਰਦੇ ਰਹੇ। ਕਿਸਾਨਾਂ ਨੇ ਦੱਸਿਆ ਕਿ ਮੀਂਹ ਇੰਨੀ ਤੇਜ਼ੀ ਨਾਲ ਆਇਆ ਕਿ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।

Radio Mirchi