ਮੀਂਹ ਨਾਲ ਕਣਕ ਅਤੇ ਹੋਰ ਫ਼ਸਲਾਂ ਨੂੰ ਰਾਹਤ

ਮੀਂਹ ਨਾਲ ਕਣਕ ਅਤੇ ਹੋਰ ਫ਼ਸਲਾਂ ਨੂੰ ਰਾਹਤ

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਕਿਸਾਨਾਂ ਨੂੰ ਭਰਵੀਂ ਰਾਹਤ ਦਿੱਤੀ ਹੈ। ਤਾਜ਼ਾ ਬਾਰਿਸ਼ ਨਾਲ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 6 ਡਿਗਰੀ ਤੱਕ ਘੱਟ ਚੱਲ ਰਿਹਾ ਹੈ ਜਦਕਿ ਰਾਤ ਦਾ ਤਾਪਮਾਨ ਆਮ ਵਾਂਗ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿੱਚ ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਵੀਰਵਾਰ ਤੋਂ ਬਾਅਦ ਮੌਸਮ ਸਾਫ਼ ਰਹਿਣ ਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਪੈ ਰਹੇ ਮੀਂਹ ਦੀਆਂ ਜੋ ਰਿਪੋਰਟਾਂ ਹਾਸਲ ਹੋਈਆਂ ਹਨ ਉਸ ਮੁਤਾਬਕ ਮਾਲਵੇ ਦੇ ਕੁੱਝ ਜ਼ਿਲ੍ਹਿਆਂ ਅਤੇ ਕਪੂਰਥਲਾ ਵਿੱਚ ਜ਼ਿਆਦਾ ਮੀਂਹ ਪਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਹ ਦੇ ਮਹੀਨੇ ਪਿਆ ਇਹ ਮੀਂਹ ਕਣਕ ਅਤੇ ਸਾਉਣੀ ਦੀਆਂ ਹੋਰਨਾਂ ਫ਼ਸਲਾਂ ਲਈ ਲਾਹੇਵੰਦ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਪੰਜਾਬ ਦੇ ਸ਼ਹਿਰਾਂ ਵਿੱਚ ਜੋ ਬਾਰਿਸ਼ ਰਿਕਾਰਡ ਕੀਤੀ ਗਈ, ਉਸ ਮੁਤਾਬਕ ਬਠਿੰਡਾ ਵਿੱਚ 20 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਈ। ਇਸੇ ਤਰ੍ਹਾਂ ਫਰੀਦਕੋਟ ਵਿੱਚ 15 ਮਿਲੀਮੀਟਰ, ਕਪੂਰਥਲਾ ਵਿੱਚ 15 ਮਿਲੀਮੀਟਰ, ਅੰਮ੍ਰਿਤਸਰ ਵਿੱਚ 4.2 ਮਿਲੀਮੀਟਰ, ਲੁਧਿਆਣਾ ਵਿੱਚ 8, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 6, ਗੁਰਦਾਸਪੁਰ 7.6, ਰੋਪੜ 7, ਤਰਨਤਾਰਨ 6, ਮੋਗਾ 5.4, ਅਬੋਹਰ 5, ਸੰਗਰੂਰ 9.4, ਸੁਨਾਮ 7.8, ਮਾਨਸਾ 7.6 ਅਤੇ ਜਗਰਾਉਂ ਵਿਚ 6.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਦਾ ਦੱਸਣਾ ਹੈ ਕਿ ਬਾਰਿਸ਼ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਵੀ ਤਬਦੀਲੀ ਆਈ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5.6 ਡਿਗਰੀ ਅਤੇ ਵੱਧ ਤੋਂ ਵੱਧ 11 ਡਿਗਰੀ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿੱਚ ਘੱਟ ਤੋਂ ਘੱਟ 10.2 ਅਤੇ ਵੱਧ ਤੋਂ ਵੱਧ 14 ਡਿਗਰੀ, ਪਠਾਨਕੋਟ ਦਾ ਵੱਧ ਤੋਂ ਵੱਧ 10.3 ਅਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਰਿਕਾਰਡ ਕੀਤਾ ਗਿਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 9.6 ਅਤੇ ਘੱਟ ਤੋਂ ਘੱਟ 11.6 ਡਿਗਰੀ ਰਿਹਾ।

Radio Mirchi