ਮੁਕੇਸ਼ ਅੰਬਾਨੀ ਵਿਸ਼ਵ ਦੇ ਸਿਖ਼ਰਲੇ 10 ਅਮੀਰਾਂ ਦੀ ਸੂਚੀ ’ਚ 5ਵੇਂ ਨੰਬਰ ’ਤੇ ਪਹੁੰਚੇ
ਨਵੀਂ ਦਿੱਲੀ – ਦੁਨੀਆ ਦੇ ਟੌਪ 10 ਅਮੀਰਾਂ ਦੀ ਲਿਸਟ ’ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 7ਵੇਂ ਸਥਾਨ ਤੋਂ ਛਲਾਂਗ ਲਗਾ ਕੇ ਇਕ ਵਾਰ ਮੁੜ 5ਵੇਂ ਨੰਬਰ ਤੇ ਪਹੁੰਚ ਗਏ ਹਨ। ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਕੁਝ ਦਿਨ ਪਹਿਲਾਂ ਚੌਥੇ ਸਥਾਨ ਤੱਕ ਪਹੁੰਚ ਗਏ ਸਨ। ਅੰਬਾਨੀ ਦੀ ਰੈਂਕਿੰਗ ’ਚ ਇਹ ਉਛਾਲ ਅੱਜ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ ਤੇਜ਼ੀ ਕਾਰਣ ਆਇਆ ਹੈ। ਅਮਰੀਕੀ ਕੰਪਨੀ ਵਲੋਂ ਰਿਲਾਇੰਸ ਰਿਟੇਲ ’ਚ ਹਿੱਸੇਦਾਰੀ ਖਰੀਦਣ ਦੇ ਐਲਾਨ ਨਾਲ ਆਰ. ਆਈ. ਐੱਸ. ਦੇ ਸ਼ੇਅਰਾਂ ’ਚ ਤੇਜ਼ੀ ਆਈ ਅਤੇ ਸ਼ੇਅਰ ਰਿਕਾਰਡ ਨਵੀਂ ਉੱਚਾਈ ’ਤੇ ਪਹੁੰਚ ਗਏ।
ਫੋਰਬਸ ਰਿਅਲ ਟਾਈਮ ਬਿਲੇਨੀਅਰ ਲਿਸਟ ਮੁਤਾਬਕ ਮਾਰਕ ਜੁਕਰਬਰਗ ਚੌਥੇ ਸਥਾਨ ’ਤੇ ਹਨ। ਉਥ ਹੀ ਛੇਵੇਂ ਨੰਬਰ ’ਤੇ ਵਾਰੇਨ ਬਫੇਟ ਹਨ ਅਤੇ 7ਵੇਂ ’ਤੇ ਏਲਨ ਮਸਕ ਹਨ। ਪਹਿਲੇ ਨੰਬਰ ’ਤੇ ਅਮੇਜਾਨ ਦੇ ਸੀ. ਈ. ਓ. ਜੇਫ ਬੇਜੋਸ, ਦੂਜੇ ’ਤੇ ਬਿਲਗੇਟਸ ਅਤੇ ਤੀਜੇ ਸਥਾਨ ’ਤੇ ਬਰਨਾਰਡ ਅਰਨਾਲਟ ਐਂਡ ਫੈਮਿਲੀ ਹੈ।
ਰਿਲਾਇੰਸ ਇੰਡਸਟਰੀਜ਼ ਨੇ ਰਚਿਆ ਇਤਿਹਾਸ
ਰਿਲਾਇੰਸ ਇੰਡਸਟਰੀਜ਼ ਅੱਜ ਇਤਿਹਾਸ ਰਚਦੇ ਹੋਏ 200 ਅਰਬ ਡਾਲਰ (ਕਰੀਬ 15 ਲੱਖ ਕਰੋੜ ਰੁਪਏ) ਦਾ ਮਾਰਕੀਟ ਕੈਪੀਟਲ ਛੂੰਹਣ ਵਾਲੀ ਭਾਰਤੀ ਦੀ ਪਹਿਲੀ ਕੰਪਨੀ ਬਣ ਗਈ। ਕਾਰੋਬਾਰ ਦੌਰਾਨ ਵੀਰਵਾਰ ਨੂੰ ਆਰ. ਆਈ. ਐੱਲ. ਦੇ ਸ਼ੇਅਰ ਨੇ ਨਵਾਂ ਰਿਕਾਰਡ ਬਣਾਇਆ। ਬੀ. ਐੱਸ. ਈ. ’ਤੇ ਆਰ. ਆਈ. ਐੱਲ. ਦੇ ਸ਼ੇਅਰ 8.45 ਫੀਸਦੀ ਦੀ ਤੇਜ਼ੀ ਨਾਲ 2,343.90 ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਏ। ਸ਼ੇਅਰ ’ਚ ਤੇਜ਼ੀ ਨਾਲ ਕੰਪਨੀ ਦਾ ਮਾਰਕੀਟ ਕੈਪ 200 ਅਰਬ ਡਾਲਰ ਤੋਂ ਪਾਰ ਹੋ ਗਿਆ ਸੀ।
ਬੀਤੇ 60 ਤੋਂ ਘੱਟ ਦਿਨਾਂ ’ਚ ਕੰਪਨੀ ਦਾ ਮਾਰਕੀਟ ਕੈਪ ਰੋਜ਼ਾਨਾ ਔਸਤਨ 7300 ਕਰੋੜ ਰੁਪਏ ਵਧਿਆ
ਦੱਸ ਦਈਏ ਕਿ ਸਾਲ 2020 ’ਚ ਹੁਣ ਤੱਕ ਕੰਪਨੀ ਦੇ ਮਾਰਕੀਟ ਕੈਪ ’ਚ 5.14 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਹੋਇਆ ਹੈ, ਜਦੋਂ ਕਿ ਟੀ. ਸੀ. ਐੱਸ. ਦੇ ਮਾਰਕੀਟ ਕੈਪ ’ਚ ਇਸ ਸਾਲ 73.44 ਹਜ਼ਾਰ ਕਰੋੜ ਰੁਪਏ ਤੋਂ ਘੱਟ ਦਾ ਵਾਧਾ ਹੋਇਆ। ਇਸ ਤੋਂ ਪਹਿਲਾਂ ਕੰਪਨੀ ਦੇ ਮਾਰਕੀਟ ਕੈਪ ਨੇ ਇਸੇ ਸਾਲ 18 ਜੂਨ ਨੂੰ 150 ਬਿਲੀਅਨ ਡਾਲਰ (11 ਲੱਖ ਕਰੋੜ ਰੁਪਏ) ਦਾ ਪੱਧਰ ਪਾਰ ਕੀਤਾ ਸੀ। ਕੰਪਨੀ ਦੇ ਮਾਰਕੀਟ ਕੈਪ ’ਚ 60 ਤੋਂ ਘੱਟ ਦਿਨਾਂ ’ਚ ਰੋਜ਼ਾਨਾ ਔਸਤਨ 7300 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੌਜੂਦਾ ਸਮੇਂ ’ਚ ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ 46ਵੀਂ ਸਭ ਤੋਂ ਵੈਲਯੂਏਬਲ ਕੰਪਨੀ ਹੈ। ਡੇਟ ਫ੍ਰੀ ਹੋ ਚੁੱਕੀ ਰਿਲਾਇੰਸ ਨੇ ਤਿੰਨ ਦਹਾਕੇ ’ਚ ਪਹਿਲੀ ਵਾਰ ਇਸ ਸਾਲ 1257 ਰੁਪਏ ਦੀ ਕੀਮਤ ’ਤੇ ਰਾਈਟ ਇਸ਼ੂ ਜਾਰੀ ਕੀਤਾ ਸੀ। ਇਹ ਇਸ਼ੂ 15 ਜੂਨ ਨੂੰ ਬਾਜ਼ਾਰ ’ਚ ਲਿਸਟ ਹੋਇਆ। ਦਰਅਸਲ ਇਸ ਸਾਲ ਦੁਨੀਆ ਭਰ ਦੀਆਂ ਕਈ ਵੱਡੀਆਂ ਦਿੱਗਜ਼ ਕੰਪਨੀਆਂ ਨੇ ਰਿਲਾਇੰਸ ਇੰਡਸਟਰੀਜ਼ ਦੇ ਵੱਖ-ਵੱਖ ਵੈਂਚਰਸ ’ਚ ਨਿਵੇਸ਼ ਕੀਤਾ ਹੈ। ਇਸ ’ਚ ਫੇਸਬੁਕ, ਗੂਗਲ, ਸਿਲਵਰ ਲੇਕ ਵਰਗੇ ਵੱਡੇ ਨਾਂ ਸ਼ਾਮਲ ਹਨ।