ਮੁਤਵਾਜ਼ੀ ਜਥੇਦਾਰ ਦਾਦੂਵਾਲ ਤੇ ਤਿੰਨ ਪੈਰੋਕਾਰ ਗ੍ਰਿਫ਼ਤਾਰ

ਮੁਤਵਾਜ਼ੀ ਜਥੇਦਾਰ ਦਾਦੂਵਾਲ ਤੇ ਤਿੰਨ ਪੈਰੋਕਾਰ ਗ੍ਰਿਫ਼ਤਾਰ

ਬਠਿੰਡਾ/ਤਲਵੰਡੀ ਸਾਬੋ-ਬਠਿੰਡਾ ਪੁਲੀਸ ਨੇ ਅੱਜ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਤਿੰਨ ਪੈਰੋਕਾਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਪਰੰਤ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਨੇ ਜ਼ਾਤੀ ਮੁਚੱਲਕਾ ਖਾਰਜ ਕਰ ਕੇ 23 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ। ਕੌਮਾਂਤਰੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਮਗਰੋਂ ਤਖ਼ਤ ਦਮਦਮਾ ਸਾਹਿਬ ਤੋਂ ਜਦੋਂ ਦਾਦੂਵਾਲ ਵਾਪਸ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ। ਮਾਮਲਾ ਬਠਿੰਡਾ ਦੇ ਸਿਵਲ ਲਾਈਨ ਕਲੱਬ ਦਾ ਹੈ, ਜਿਥੇ ਦਾਦੂਵਾਲ ਨੇ 20 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦਾ ਐਲਾਨ ਕੀਤਾ ਹੈ। ਸਿਵਲ ਲਾਈਨ ਕੁਝ ਸਮੇਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ਵਿਚ ਗੁਰੂ ਨਾਨਕ ਲਾਇਬ੍ਰੇਰੀ ਅਤੇ ਕਲੱਬ ਚੱਲ ਰਹੇ ਹਨ। ਵਿਵਾਦੀ ਕਲੱਬ ਵਿਚ ਦੋ ਧਿਰਾਂ ਵਿਚ ਆਪਸੀ ਝਗੜਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੇ ਮੱਦੇਨਜ਼ਰ ਰਿਸੀਵਰ ਲਗਾ ਦਿੱਤਾ ਹੈ ਅਤੇ ਨਾਲ ਹੀ ਧਾਰਾ 145 ਵੀ ਲਗਾ ਦਿੱਤੀ ਹੈ। ਦੋ ਦਿਨਾਂ ਤੋਂ ਸਿਵਲ ਲਾਈਨ ਕਲੱਬ ਦੇ ਚਾਰ ਚੁਫੇਰੇ ਪੁਲੀਸ ਤਾਇਨਾਤ ਕੀਤੀ ਹੋਈ ਹੈ।
ਸਿਵਲ ਕਲੱਬ ’ਤੇ ਕਾਬਜ਼ ਧਿਰ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਕਲੱਬ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਮੁਤਵਾਜ਼ੀ ਜਥੇਦਾਰ ਦਾਦੂਵਾਲ ਨੇ ਇਸ ਕਲੱਬ ਦੇ ਮਾਮਲੇ ਵਿਚ ਆਪਣੀ ਪੂਰੀ ਤਾਕਤ ਲਾਈ ਹੋਈ ਹੈ। ਅੱਜ ਪੁਲੀਸ ਸਵੇਰ ਤੋਂ ਹੀ ਮੁਸਤੈਦ ਸੀ ਅਤੇ ਤਲਵੰਡੀ ਸਾਬੋ ਵਿੱਚ ਨਾਕੇਬੰਦੀ ਕੀਤੀ ਹੋਈ ਸੀ। ਜਿਉਂ ਹੀ ਕੌਮਾਂਤਰੀ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਿਆ। ਪੁਲੀਸ ਹਰਕਤ ਵਿਚ ਆ ਗਈ ਅਤੇ ਦਾਦੂਵਾਲ ਨੂੰ ਹਿਰਾਸਤ ਵਿਚ ਲੈ ਲਿਆ।
ਪੁਲੀਸ ਨੇ ਦਾਦੂਵਾਲ ਦੇ ਪੈਰੋਕਾਰ ਗੁਰਵਿੰਦਰ ਸਿੰਘ ਮੱਲਵਾਲਾ, ਕੁਲਵੀਰ ਸਿੰਘ ਭਾਗੀ ਵਾਂਦਰ ਅਤੇ ਗੁਰਸੇਵਕ ਸਿੰਘ ਤਖਤੂਪੁਰਾ ਨੂੰ ਵੀ ਹਿਰਾਸਤ ਵਿਚ ਲਿਆ ਹੈ। ਪੁਲੀਸ ਨੇ ਕਰੀਬ 11 ਵਜੇ ਦਾਦੂਵਾਲ ਤੇ ਪੈਰੋਕਾਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਮਗਰੋਂ ਅਦਾਲਤ ਵਿਚ ਲੈ ਗਏ, ਜਿਥੇ ਕਾਫੀ ਸਮਾਂ ਦਾਦੂਵਾਲ ਨੂੰ ਗੱਡੀ ਵਿਚ ਬਿਠਾਈ ਰੱਖਿਆ। ਦਾਦੂਵਾਲ ਦੇ ਨੇੜਲੇ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਨਾਨਕ ਲਾਇਬਰੇਰੀ ਤੇ ਕਲੱਬ ਵਿਚ ਹਰ ਸਾਲ ਗੁਰਪੁਰਬ ਮਨਾਇਆ ਜਾਂਦਾ ਹੈ ਪ੍ਰੰਤੂ ਇਸ ਸਾਲ ਸਰਕਾਰ ਗੁਰਪੁਰਬ ਮਨਾਉਣ ’ਤੇ ਵੀ ਪਾਬੰਦੀ ਲਗਾ ਰਹੀ ਹੈ, ਜੋ ਕਿਸੇ ਵੀ ਪੱਖੋਂ ਠੀਕ ਨਹੀਂ। ਦਾਦੂਵਾਲ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦੀ ਸ਼ਹਿ ’ਤੇ ਹੀ ਧਾਰਮਿਕ ਸਮਾਗਮ ਰੋਕੇ ਜਾ ਰਹੇ ਹਨ।
ਐੱਸਐੱਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਦਾਦੂਵਾਲ ਤੇ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਕਿਉਂਕਿ ਅਮਨ ਕਾਨੂੰਨ ਭੰਗ ਹੋਣ ਦਾ ਖ਼ਦਸ਼ਾ ਸੀ। ਸਿਵਲ ਲਾਈਨ ਕਲੱਬ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ ਅਤੇ ਦੋ ਧਿਰਾਂ ਦਰਮਿਆਨ ਵਿਵਾਦ ਹੋਣ ਕਰਕੇ ਅਮਨ ਕਾਨੂੰਨ ਦੀ ਵਿਵਸਥਾ ਭੰਗ ਹੋਣ ਦਾ ਡਰ ਸੀ।

Radio Mirchi