ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ
ਭਾਰਤ ਵਿੱਚ ਬੀਤੇ 24ਵੀ ਘੰਟਿਆਂ ਵਿੱਚ ਰਿਕਾਰਡ 9,851 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਕੁਲ ਗਿਣਤੀ 2,26,770 ਹੋ ਗਈ ਹੈ। ਬੀਤੇ ਇਕ ਦਿਨ ਵਿੱਚ 273 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਮੌਤਾਂ ਦੀ ਕੁਲ ਗਿਣਤੀ 6348 ਹੋ ਗਈ ਹੈ। ਮੁਲਕ ਵਿੱਚ 1,10,960 ਐਕਟਿਵ ਕੇਸ ਹਨ ਜਦੋਂ ਕਿ 1,09461 ਠੀਕ ਹੋ ਚੁੱਕੇ ਹਨ ਅਤੇ ਇਕ ਵਿਅਕਤੀ ਮੁਲਕ ਤੋਂ ਬਾਹਰ ਜਾ ਚੁੱਕਾ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਤਕ 48.27 ਫੀਸਦੀ ਲੋਕ ਠੀਕ ਹੋ ਚੁੱਕੇ ਹਨ। ਬੀਤੇ ਚੌਵੀ ਘੰਟਿਆਂ ਵਿੱਚ ਹੋਈਆਂ 273 ਮੌਤਾਂ ਵਿੱਚ 123 ਮਹਾਰਾਸ਼ਟਰ, 44 ਦਿੱਲੀ, 33 ਗੁਜਰਾਤ, 16 ਉੱਤਰ ਪ੍ਰਦੇਸ਼ , 12 ਤਾਮਿਲਨਾਡੂ, 10 ਪੱਛਮੀ ਬੰਗਾਲ, ਤੇਲੰਗਾਨਾ ਅਤੇ ਮੱਧਪ੍ਰਦੇਸ਼ ਵਿੱਚ ਛੇ-ਛੇ; ਕਰਨਾਟਕ, ਬਿਹਾਰ ਅਤੇ ਰਾਜਸਥਾਨ ਵਿੱਚ ਚਾਰ-ਚਾਰ, ਆਂਧਰਾ ਪ੍ਰਦੇਸ਼ ਅਤੇ ਕੇਰਲਾ ਵਿੱਚ ਤਿੰਨ-ਤਿੰਨ ਅਤੇ ਉਤਰਾਖੰਡ ਵਿੱਚ ਦੋ ਅਤੇ ਜੰਮੂ ਕਸ਼ਮੀਰ, ਹਰਿਆਣਾ ਅਤੇ ਝਾਰਖੰਡ ਦਾ ਇਕ- ਇਕ ਵਿਅਕਤੀ ਸ਼ਾਮਲ ਹੈ। ਪੰਜਾਬ ਵਿੱਚ ਹੁਣ ਤਕ 47 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।