ਮੁਸਲਮਾਨਾਂ ਨੂੰ ਐਕਟ ’ਚ ਸ਼ਾਮਲ ਕੀਤਾ ਜਾਵੇ: ਸੁਖਬੀਰ

ਮੁਸਲਮਾਨਾਂ ਨੂੰ ਐਕਟ ’ਚ ਸ਼ਾਮਲ ਕੀਤਾ ਜਾਵੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਾਗਰਿਕਤਾ ਸੋਧ ਐਕਟ ’ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਅੱਜ ਪਟਿਆਲਾ ਦੇ ਮਿਨੀ ਸਕੱਤਰੇਤ ਸਾਹਮਣੇ ਅਕਾਲੀ ਦਲ ਵੱਲੋਂ ਦਿੱਤੇ ਗਏ ਰੋਸ ਧਰਨੇ ’ਚ ਸ਼ਿਰਕਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੰਸਦ ਵਿਚ ਵੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਪਹਿਲ ਦਿੰਦੇ ਹਨ। ਗੁਰੂ ਸਾਹਿਬਾਨ ਵੱਲੋਂ ‘ਸਰਬੱਤ ਦੇ ਭਲੇ’ ਦੇ ਸੁਨੇਹੇ ਨੂੰ ਧਿਆਨ ਵਿਚ ਰੱਖਦਿਆਂ ਮੁਸਲਿਮ ਭਾਈਚਾਰੇ ਨੂੰ ਸੋਧ ਕਾਨੂੰਨ ਵਿਚੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ। ਬਾਦਲ ਨੇ ਕਿਹਾ ਕਿ ਉਨ੍ਹਾਂ ਸੰਸਦ ਵਿਚ ਵੀ ਇਹੀ ਮੰਗ ਕੀਤੀ ਸੀ ਕਿ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੰਗ ਕਰਦੇ ਹਨ ਕਿ ਪਾਸ ਹੋਏ ਸੋਧ ਐਕਟ ਵਿਚ ਫਿਰ ਸੋਧ ਕੀਤੀ ਜਾਵੇ ਅਤੇ ਮੁਸਲਮਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦ ਅਮਰੀਕਾ ਤੇ ਹੋਰ ਮੁਲਕ ਨਿਰਪੱਖਤਾ ਨਾਲ ਨਾਗਰਿਕਤਾ ਦਿੰਦੇ ਹਨ, ਫਿਰ ਅਸੀਂ ਇਸ ਤੋਂ ਕਿਵੇਂ ਭੱਜ ਸਕਦੇ ਹਾਂ? ਇਹ ਪੁੱਛਣ ’ਤੇ ਕਿ ਕੀ ਇਸ ਮੁੱਦੇ ’ਤੇ ਅਕਾਲੀ ਦਲ ਐੱਨਡੀਏ ਦੀ ਮੀਟਿੰਗ ਸੱਦਣ ਦੀ ਮੰਗ ਕਰੇਗਾ ਤਾਂ ਸ੍ਰੀ ਬਾਦਲ ਦਾ ਕਹਿਣਾ ਸੀ ਕਿ ਅਜਿਹਾ ਸੰਭਵ ਨਹੀਂ ਕਿਉਂਕਿ ਸੰਸਦ ’ਚ ਅਕਾਲੀ ਦਲ ਦੇ ਪੰਜਾਬ ’ਚੋਂ ਮਹਿਜ਼ ਦੋ ਮੈਂਬਰ ਹਨ। ਇਸ ਦੇ ਬਾਵਜੂਦ ਅਕਾਲੀ ਦਲ ਮੁਸਲਿਮ ਭਾਈਚਾਰੇ ਦੇ ਪੱਖ ਵਿਚ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਾਗਰਿਕਤਾ ਸੋਧ ਐਕਟ ’ਚ ਮੁਸਲਮਾਨਾਂ ਲਈ ਹਾਅ ਦਾ ਨਾਅਰਾ ਐੱਨਡੀਏ ਵੱਲੋਂ ਨਹੀਂ ਬਲਕਿ ਅਕਾਲੀ ਦਲ ਵੱਲੋਂ ਮਾਰਿਆ ਜਾ ਰਿਹਾ ਹੈ। ਮੰਗ ਵੀ ਅਕਾਲੀ ਦਲ ਜਨਤਕ ਤੌਰ ’ਤੇ ਬੇਝਿਜਕ ਕਰ ਰਿਹਾ ਹੈ। ਧਰਨੇ ਦੌਰਾਨ ਬਾਦਲ ਨੇ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ’ਚ ਬਿਲਕੁਲ ਨਹੀਂ ਵਿਚਰਦੇ ਅਤੇ ਕਾਂਗਰਸੀ ਵਿਧਾਇਕ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਪੁਲੀਸ ਨੂੰ ਵੀ ਲੋਕਾਂ ਦੀ ਗੱਲ ਸੁਣਨ ਲਈ ਕਿਹਾ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੱਤਾਧਾਰੀ ਵਿਧਾਇਕ ਗ਼ੈਰਕਾਨੂੰਨੀ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਘਨੌਰ ਹਲਕੇ ਦਾ ਕਾਂਗਰਸੀ ਵਿਧਾਇਕ ਪੁਲੀਸ ਨੂੰ ਪਿੰਡ ਤਖ਼ਤੂਪੁਰਾ ਦੀਆਂ ‘ਔਰਤਾਂ ਨੂੰ ਚੁੱਕ ਲਿਆਉਣ ਦਾ ਹੁਕਮ ਦੇ ਰਿਹਾ ਹੈ’ ਅਤੇ 42 ਪਿੰਡ ਵਾਸੀਆਂ ਖ਼ਿਲਾਫ ਝੂਠਾ ਪਰਚਾ ਵੀ ਦਰਜ ਕਰਵਾ ਦਿੱਤਾ ਹੈ। ਬਾਦਲ ਨੇ ਪਟਿਆਲਾ ਦੇ ਐੱਸਐੱਸਪੀ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਝੂਠਾ ਕੇਸ ਵਾਪਸ ਲੈਣ ਲਈ ਕਿਹਾ ਤੇ ਚਿਤਾਵਨੀ ਦਿੱਤੀ ਕਿ ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਜ਼ਿੰਮੇਵਾਰ ਸਾਰੇ ਪੁਲੀਸ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਬਾਦਲ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਸ਼ਾਮਲਾਟ ਜ਼ਮੀਨਾਂ ਮਰਜ਼ੀ ਨਾਲ ਨਹੀਂ ਵੇਚਣ ਦੇਵੇਗਾ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਨੇ ਤਖ਼ਤੂਪੁਰਾ ਮਾਮਲੇ ’ਚ ਪੀੜਤ ਲੋਕਾਂ ਲਈ ਕੁਝ ਨਹੀਂ ਕੀਤਾ, ਸਗੋਂ ਉਲਟਾ ਵਿਧਾਇਕ ਨੂੰ ਸਹੀ ਠਹਿਰਾਇਆ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦਾ ਮਾੜਾ ਹਾਲ ਹੈ। ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰਾਂ ਉੱਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ।

Radio Mirchi