ਮੁੱਖ ਮੰਤਰੀ ਨੇ ਕਰੋਨਾ ਨਾਲ ਜੂਝ ਰਹੇ ਪਿੰਡਾਂ ਨੂੰ ਲਾਵਾਰਸ ਛੱਡਿਆ: ਭਗਵੰਤ ਮਾਨ

ਮੁੱਖ ਮੰਤਰੀ ਨੇ ਕਰੋਨਾ ਨਾਲ ਜੂਝ ਰਹੇ ਪਿੰਡਾਂ ਨੂੰ ਲਾਵਾਰਸ ਛੱਡਿਆ: ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਿੰਡ ਕਰੋਨਾ ਨਾਲ ਜੂਝ ਰਹੇ ਹਨ ਪਰ ਮੁੱਖ ਮੰਤਰੀ ਨੇ ਅਜਿਹੇ ਸਮੇਂ ਪਿੰਡਾਂ ਨੂੰ ਲਾਵਾਰਿਸ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਾਉਣ ਅਤੇ ਕਰੋਨਾ ਪੀੜਤਾਂ ਨੂੰ ਪਿੰਡ ’ਚ ਨਾ ਆਉਣ ਦੇਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਦਾ ਅਜਿਹਾ ਫਰਮਾਨ ਸਿੱਧ ਕਰਦਾ ਹੈ ਕਿ ਕੈਪਟਨ ਨੂੰ ਪਿੰਡਾਂ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।
ਸ੍ਰੀ ਮਾਨ ਨੇ ਕਿਹਾ ਕਿ ਸੂਬੇ ਦੇ ਬਹੁਤੇ ਪਿੰਡਾਂ ’ਚ ਡਾਕਟਰੀ ਸਹੂਲਤਾਂ ਨਹੀਂ ਹਨ। ਇਨ੍ਹਾਂ ਪਿੰਡਾਂ ਵਿਚ ਨਾ ਡਿਸਪੈਂਸਰੀ ਹੈ ਤੇ ਨਾ ਹੀ ਡਾਕਟਰ, ਜੇ ਕਿਤੇ ਡਾਕਟਰ ਹੈ ਤਾਂ ਉੱਥੇ ਦਵਾਈਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 60 ਤੋਂ 70 ਫ਼ੀਸਦੀ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਘਾਟ ਹੈ, ਇਸ ਹਾਲਤ ਵਿਚ ਲੋਕ ਇਲਾਜ ਕਿੱਥੋਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇ ਕਰੋਨਾ ਬਿਮਾਰੀ ਦਾ ਇਲਾਜ ਕਰਾਉਣ ਸਰਕਾਰੀ ਹਸਪਤਾਲ ਗਏ ਤਾਂ ਕੇਵਲ ਲਾਸ਼ ਬਣ ਕੇ ਹੀ ਵਾਪਸ ਆਉਣਗੇ। ਇਸ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ’ਚ ਕਰੋਨਾ ਇਲਾਜ ਲਈ ਜਾਣਾ ਪੈ ਰਿਹਾ ਹੈ ਜੋ ਇਲਾਜ ਦੇ ਨਾਂ ’ਤੇ ਲੱਖਾਂ ਰੁਪਏ ਵਸੂਲ ਰਹੇ ਹਨ।

Radio Mirchi