ਮੁੱਦਤਾਂ ਬਾਅਦ ‘ਪੰਥਕ’ ਪਾਰਟੀ ਨੂੰ ਚੇਤੇ ਆਇਆ ਜੈਤੋ ਮੋਰਚਾ
‘ਜੈਤੋ ਮੋਰਚੇ’ ਦੇ ਵਰ੍ਹੇਗੰਢ ਸਮਾਗਮ ’ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਾਜ਼ਰੀ ਭਰੀ। ਅੱਧੇ ਘੰਟੇ ਦੇ ਭਾਸ਼ਨ ’ਚ ਉਨ੍ਹਾਂ ਕੁਝ ਸਮਾਂ ਸਿੱਖ ਇਤਿਹਾਸ ਦੀ ਗੱਲ ਛੋਹੀ। ਉਨ੍ਹਾਂ ਚੰਦ ਹਰਫ਼ਾਂ ’ਚ ਜੈਤੋ ਮੋਰਚੇ ਦੀ ਗੱਲ ਮੁਕਾਈ ਅਤੇ ਬਹੁਤਾ ਸਮਾਂ ਬਗ਼ੈਰ ਨਾਂ ਲਏ ਟਕਸਾਲੀਆਂ ਨੂੰ ਨਿਸ਼ਾਨਾ ਬਣਾਇਆ।
ਸ੍ਰੀ ਲੌਂਗੋਵਾਲ ਨੇ ਮਹੰਤ ਨਰਾਇਦ ਦਾਸ ਦੇ ਗੁਰੂ ਘਰਾਂ ’ਤੇ ਕਬਜ਼ੇ ਦੇ ਹਵਾਲੇ ਨਾਲ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਕਮੇਟੀ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਇਤਿਹਾਸਕ ਦੀਆਂ ਲਕੀਰਾਂ ਨੂੰ ਹੋਰ ਡੂੰਘੀਆਂ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਸ਼੍ਰੋਮਣੀ ਕਮੇਟੀ ਦੇ ਮਹੀਨਾਵਾਰ ਗਜ਼ਟ ’ਚ ਪਾਈ-ਪਾਈ ਦਾ ਹਿਸਾਬ ਜਨਤਕ ਕਰਨ ਦਾ ਦਾਅਵਾ ਕਰਦਿਆਂ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਨਾਂ ਵਜ੍ਹਾ ਕੁਝ ਲੋਕ ਸਿੱਖਾਂ ਦੀ ਸੁਪਰੀਮ ਸੰਸਥਾ ਨੂੰ ਬਦਨਾਮ ਕਰਨ ਦੇ ਰਾਹ ਪਏ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੁਰਬਾਨੀਆਂ ਨਾਲ ਹਾਸਲ ਕੀਤੀ ਇਸ ਪਵਿੱਤਰ ਸੰਸਥਾ ’ਤੇ ਬੁਰੀ ਮਨਸ਼ਾ ਨਾਲ ਕਾਬਜ਼ ਹੋਣ ਵਾਲਿਆਂ ਨੂੰ ਦੂਰ ਰੱਖਿਆ ਜਾਵੇ।