ਮੈਂਡੀ ਤੱਖਰ ਦੀ ਸੁਪੋਰਟ ਚ ਬੱਬੂ ਮਾਨ ਨੇ ਸਾਂਝੀ ਕੀਤੀ ਇਹ ਪੋਸਟ
ਜਲੰਧਰ - ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੀ ਇੱਕ ਫੇਕ ਅਸ਼ਲੀਲ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਇਸ ਹਰਕਤ ’ਤੇ ਮੈਂਡੀ ਤੱਖਰ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਥੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਤੋਂ ਵੀ ਮੈਂਡੀ ਤੱਖਰ ਨੂੰ ਵੱਡੀ ਸੁਪੋਰਟ ਮਿਲੀ ਹੈ। ਉਥੇ ਹੀ ਬੀਤੇ ਦਿਨੀਂ ਖੰਟ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਨੇ ਵੀ ਮੈਂਡੀ ਤੱਖਰ ਦੀ ਸੁਪੋਰਟ ਕਰਦਿਆਂ ਇਕ ਸਟੋਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਬੱਬੂ ਮਾਨ ਲਿਖਦੇ ਹਨ, ‘ਮੈਂਡੀ ਤੱਖਰ ਬਹੁਤ ਚੰਗੀ ਆਰਟਿਸਟ ਹੈ, ਪਿਛਲੇ ਦਿਨੀਂ ਕਿਸੇ ਨੇ ਫੇਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੇ ਨਾਲ 'ਏਕਮ' ਫ਼ਿਲਮ ’ਚ ਕੰਮ ਕੀਤਾ, ਬੜੀ ਫ਼ਕੀਰ ਬਿਰਤੀ ਦੀ ਕਲਾਕਾਰ ਹੈ। ਆਓ ਇਨ੍ਹਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛੇ ਸਮਾਜ ਦੀ ਸਿਰਜਣਾ ਕਰੀਏ। ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀਏ ਤੇ ਬਹੁਤਾ ਵਕਤ ਕਿਤਾਬਾਂ ਪੜ੍ਹਨ ’ਚ ਗੁਜ਼ਾਰੀਏ। ਆਓ ਹੱਕ ਸੱਚ ਦੀ ਗੱਲ ਕਰੀਏ। ਬੇਈਮਾਨ।’
ਦੱਸ ਦੇਈਏ ਕਿ ਬੱਬੂ ਮਾਨ ਤੋਂ ਪਹਿਲਾਂ ਹੋਰ ਕਈ ਕਲਾਕਾਰਂ ਨੇ ਮੈਂਡੀ ਤੱਖਰ ਦੀ ਸੁਪੋਰਟ ’ਚ ਪੋਸਟਾਂ ਪਾਈਆਂ ਸਨ। ਕਰਨ ਔਜਲਾ, ਸਿੱਧੂ ਮੂਸੇ ਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਹੋਰ ਕਈ ਕਲਾਕਾਰਾਂ ਵਲੋਂ ਮੈਂਡੀ ਤੱਖਰ ਦੀ ਸੁਪੋਰਟ ’ਚ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਮੈਂਡੀ ਵਲੋਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਵੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀ ਹੀ ਹਰਕਤ ਕਿਸੇ ਨੇ ਅਦਾਕਾਰਾ ਸੋਨਮ ਬਾਜਵਾ ਨਾਲ ਕੀਤੀ ਸੀ। ਸੋਨਮ ਬਾਜਵਾ ਵਲੋਂ ਵੀ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਬ੍ਰਾਂਚ ਵਿਖੇ ਦਿੱਤੀ ਗਈ।