ਮੈਡਰਿਡ ਦਸਤਾਰ ਮਾਮਲਾ: ਵਿਦੇਸ਼ ਮੰਤਰੀ ਨੂੰ ਸ਼ਿਕਾਇਤ
ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਸਪੇਨ ਦੇ ਸ਼ਹਿਰ ਮੈਡਰਿਡ ਦੇ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਦਸਤਾਰ ਉਤਾਰਨ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸ਼ਿਕਾਇਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲ ਕੀਤੀ ਹੈ।
ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਮਾਮਲਾ ਸਪੇਨ ਸਰਕਾਰ ਕੋਲ ਉਠਾਉਣ। ਉਨ੍ਹਾਂ ਦੋਸ਼ ਲਾਇਆ ਕਿ ਏਅਰ ਇੰਡੀਆ ਦੇ ਕੈਪਟਨ ਸਿਮਰਨਜੀਤ ਸਿੰਘ ਗੁਜਰਾਲ ਨੂੰ ਮੈਡਰਿਡ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਦਸਤਾਰ ਉਤਾਰੇ ਅਤੇ ਉਸ ਦੀ ਤਲਾਸ਼ੀ ਦੇਵੇ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਦਸਤਾਰ ਉਤਰਵਾਉਣਾ ਜੁਰਮ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਗੁਜਰਾਲ ਨੂੰ ਮੈਟਲ ਡਿਟੈਕਟਰ ਤੋਂ ਕਲੀਅਰਿੰਗ ਮਿਲ ਗਈ ਸੀ ਪਰ ਅਧਿਕਾਰੀ ਖੁਦ ਉਸ ਦੀ ਦਸਤਾਰ ਚੈੱਕ ਕਰਨ ਲਈ ਅੜ ਗਏ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਵਿਚ ਵੀ ਹੁੰਦੀਆਂ ਰਹੀਆਂ ਹਨ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਸਿੱਖਾਂ ਦੀ ਦਸਤਾਰ ਦੇ ਮਾਮਲੇ ’ਤੇ ਬਦਸਲੂਕੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਦਸਤਾਰ ਉਹਨਾਂ ਦੀ ਪਛਾਣ ਦਾ ਚਿੰਨ੍ਹ ਹੈ ਅਤੇ ਵਿਸ਼ਵ ਪੱਧਰ ’ਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਉਨ੍ਹਾਂ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਪੱਧਰ ’ਤੇ ਅਤੇ ਖਾਸ ਤੌਰ ’ਤੇ ਸਪੇਨ ਸਰਕਾਰ ਕੋਲ ਇਹ ਮਾਮਲਾ ਉਠਾਉਣ।
ਲੰਡਨ: ਯੂਕੇ ਦੀਆਂ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਦੇ ਬਰਤਾਨਵੀ ਸਿੱਖ ਉਮੀਦਵਾਰ ਨੇ ਕੰਜ਼ਰਵੇਟਿਵ ਪਾਰਟੀ ਦੇ ਆਪਣੇ ਵਿਰੋਧੀ ਉਮੀਦਵਾਰ ’ਤੇ ਇੰਗਲੈਂਡ ਦੇ ਪੱਛਮੀ ਮਿਡਲੈਂਡਜ਼ ਖੇਤਰ ਵਿੱਚ ਚੋਣ ਪ੍ਰਚਾਰ ਦੌਰਾਨ ਉਸ ਦੀ ਦਸਤਾਰ ਬਾਰੇ ਤੌਹੀਨ ਭਰੀ ਟਿੱਪਣੀ ਕਰਨ ਦੇ ਦੋਸ਼ ਲਾਏ ਹਨ। ਸ਼ਰੋਪਸ਼ਾਇਰ ਦੇ ਲੁਡਲੋਅ ਹਲਕੇ ਤੋਂ ਚੋਣ ਲੜ ਰਹੇ ਕੁਲਦੀਪ ਸਹੋਤਾ ਨੇ ਟੋਰੀ ਪਾਰਟੀ ਤੋਂ ਜਾਂਚ ਦੀ ਮੰਗ ਕੀਤੀ ਹੈ। ਚੋਣ ਪ੍ਰਚਾਰ ਦੌਰਾਨ ਖੇਤਰ ਦੇ ਸਿੱਖਿਆ ਬਜਟ ਬਾਰੇ ਚਰਚਾ ਦੌਰਾਨ ਵਿਰੋਧੀ ਉਮੀਦਵਾਰ ਫਿਲਿਪ ਡੁਨੇ ਨੇ ਸਹੋਤਾ ਬਾਰੇ ਟਿੱਪਣੀ ਕੀਤੀ ਸੀ ਕਿ ਉਹ ‘ਆਪਣੀ ਦਸਤਾਰ ਰਾਹੀਂ ਪ੍ਰਚਾਰ ਕਰ ਰਿਹਾ ਸੀ’। ਇਸ ਦਾ ਮੌਜੂਦ ਲੋਕਾਂ ਨੇ ਬੁਰਾ ਮਨਾਇਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਵਲੋਂ ਕੀਤੀਆਂ ਟਿੱਪਣੀਆਂ ਮਗਰੋਂ ਡੁਨੇ ਨੇ ਬਿਆਨ ਜਾਰੀ ਕਰਕੇ ਕੁਲਦੀਪ ਸਹੋਤਾ ਤੋਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ।