ਮੋਗਾ: ਨੌਜਵਾਨ ਨੇ ਹਵਾਲਾਤ ’ਚ ਫਾਹਾ ਲਿਆ

ਮੋਗਾ: ਨੌਜਵਾਨ ਨੇ ਹਵਾਲਾਤ ’ਚ ਫਾਹਾ ਲਿਆ

ਮੋਗਾ-ਇਥੇ ਥਾਣਾ ਸਿਟੀ ਦੀ ਹਵਾਲਾਤ ’ਚ ਬੰਦ ਨੌਜਵਾਨ ਫਿਲਿਪ ਮਸੀਹ ਉਰਫ਼ ਨਿੱਕੂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਪੂਰੀ ਘਟਨਾ ਥਾਣੇ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਮੋਗਾ ਦੇ ਸੂਰਜ ਨਗਰ ਵਾਸੀ ਫਿਲਿਪ ਨੂੰ ਪੁਲੀਸ ਦੇ ਸੀਨੀਅਰ ਅਧਿਕਾਰੀ ਦੇ ਪਿਤਾ ਦੀ ਮਾਲਕੀ ਵਾਲੀ ਗੈਸ ਏਜੰਸੀ ’ਚੋਂ ਨਕਦੀ ਅਤੇ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਜਵਾਨ ਨੇ ਅੱਜ ਸਵੇਰੇ ਕੰਬਲ ਕੱਟ ਕੇ ਲਾਕਅਪ ਦੀਆਂ ਸਲਾਖਾਂ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਹਵਾਲਾਤ ’ਚ ਹਫੜਾ-ਦਫੜੀ ਦਾ ਮਾਹੌਲ ਬਣਨ ਦਾ ਲਾਭ ਉਠਾਉਂਦਿਆਂ ਉਥੇ ਬੰਦ ਇੱਕ ਹੋਰ ਮੁਲਜ਼ਮ ਫ਼ਰਾਰ ਹੋ ਗਿਆ।
ਫਿਲਹਾਲ ਇਸ ਮਾਮਲੇ ’ਚ ਕੋਈ ਵੀ ਪੁਲੀਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪਰ ਮ੍ਰਿਤਕ ਨੌਜਵਾਨ ਦੀ ਮਾਂ ਨੇ ਪੁਲੀਸ ’ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪੁੱਤਰ ਨੂੰ ਰੋਟੀ ਦੇਣ ਲਈ ਇਕ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਧਰ ਪੁਲੀਸ ਅਧਿਕਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾ ਕੇ ਆਪਣੇ ਬੇਕਸੂਰ ਹੋਣ ਦਾ ਦਾਅਵਾ ਕਰ ਰਹੇ ਹਨ।
ਐੱਸਪੀ (ਸ) ਰਤਨ ਸਿੰਘ ਬਰਾੜ, ਐੱਸਪੀ (ਜਾਂਚ) ਹਰਿੰਦਰ ਪਾਲ ਸਿੰਘ ਪਰਮਾਰ, ਡੀਐੱਸਪੀ (ਸ) ਕੁਲਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ। ਸੀਸੀਟੀਵੀ ਦੀ ਫੁਟੇਜ ਮੁਤਾਬਕ ਖ਼ੁਦਕੁਸ਼ੀ ਦੀ ਘਟਨਾ ਸਵੇਰੇ 4.35 ਵਜੇ ਵਾਪਰੀ ਹੈ। ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅਮਨਦੀਪ ਕੌਰ ਚਾਹਲ ਨੇ ਵੀ ਹਵਾਲਾਤ ਦਾ ਮੌਕਾ ਮੁਆਇਨਾ ਕੀਤਾ ਅਤੇ ਘਟਨਾ ਸਮੇਂ ਡਿਊਟੀ ਉੱਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਤੋਂ ਪੁੱਛ-ਪੜਤਾਲ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਪੁਲੀਸ ਮੁਤਾਬਕ ਸਥਾਨਕ ਹਰਗੋਬਿੰਦ ਗੈਸ ਏਜੰਸੀ ’ਚ ਇਸ ਵਰ੍ਹੇ 1 ਜੂਨ ਨੂੰ ਚੋਰੀ ਹੋ ਗਈ ਸੀ। ਥਾਣਾ ਸਿਟੀ ਪੁਲੀਸ ਨੇ 2 ਸਤੰਬਰ ਨੂੰ ਗੈਸ ਏਜੰਸੀ ਮਾਲਕ ਹਜੂਰਾ ਸਿੰਘ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 16 ਹਜ਼ਾਰ ਦੀ ਨਕਦੀ ਤੇ ਦੋ ਮੋਬਾਈਲ ਫ਼ੋਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਬਾਅਦ ’ਚ ਪੁਲੀਸ ਨੇ ਨਿੱਕੂ ਨੂੰ ਨਾਮਜ਼ਦ ਕਰਕੇ ਸਨਿੱਚਰਵਾਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।

Radio Mirchi