ਮੋਦੀ ਆਲੋਚਕਾਂ ਖਿਲਾਫ਼ ਕੇਸ ਦਰਜ ਕਰਨ ’ਤੇ ਓਵਾਇਸੀ ਵੱਲੋਂ ਜੇਲ੍ਹ ਭਰੋ ਮੁਿਹੰਮ ਦਾ ਸੰਕੇਤ
ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਕਰਨਾਟਕ ਵਿੱਚ ਇੱਕ ਸਕੂਲ ਦੀ ਮੁੱਖ ਅਧਿਆਪਕਾ ਅਤੇ ਇੱਕ ਵਿਦਿਆਰਥੀ ਦੀ ਮਾਂ ਖ਼ਿਲਾਫ਼ ਸੀਏਏ ਅਤੇ ਐੱਨਆਰਸੀ ਵਿਰੁੱਧ ਕਥਿਤ ਨਾਟਕ ਖੇਡਣ ਅਤੇ ਧਰਨੇ ਵਿੱਚ ਸ਼ਮੂਲੀਅਤ ’ਤੇ ਦੇਸ਼ਧ੍ਰੋਹ ਦਾ ਦੋਸ਼ ਲਾਉਣ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੋਚਕਾਂ ਖ਼ਿਲਾਫ਼ ਕੇਸ ਦਾਇਰ ਕਰਨ ’ਤੇ ਜੇਲ੍ਹ ਭਰੋ ਮੁਹਿੰਮ ਦਾ ਸੰਕੇਤ ਦਿੱਤਾ ਹੈ। ਉਹ ਯੂਨਾਇਟਿਡ ਮੁਸਲਿਮ ਐਕਸ਼ਨ ਕਮੇਟੀ ਵੱਲੋਂ ਸੀਏਏ, ਐਨਆਰਸੀ ਅਤੇ ਐਨਪੀਆਰ ਖ਼ਿਲਾਫ਼ ਔਰਤਾਂ ਦੀ ਰੋਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਕਰਨਾਟਕ ਦੇ ਬਿਦਰ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘ਜੇ ਕੋਈ ਮੋਦੀ ਖ਼ਿਲਾਫ਼ ਬੋਲਦਾ ਹੈ ਤਾਂ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ ਜਾਂਦੇ ਹਨ। ਮੈਂ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਸਮਾਂ ਵੀ ਆਵੇਗਾ ਜਦੋਂ ਅਸੀਂ ਫੈਸਲਾ ਕਰਾਂਗੇ ਕਿ ਜੇਲ੍ਹ ਭਰੋ ਪ੍ਰੋਗਰਾਮ ਕਦੋਂ ਅਤੇ ਕਿਸ ਸਮੇਂ ਸ਼ੁਰੂ ਕੀਤਾ ਜਾਵੇ। ਭਾਰਤ ਦੀਆਂ ਜੇਲ੍ਹਾਂ ਵਿੱਚ ਕੁਲ ਤਿੰਨ ਲੱਖ ਲੋਕਾਂ ਨੂੰ ਹੀ ਰੱਖਿਆ ਜਾ ਸਕਦਾ ਹੈ। ਜੇ ਅਸੀਂ ਸਾਰੇ ਸੜਕਾਂ ’ਤੇ ਆ ਗਏ ਤਾਂ ਭਾਰਤ ਦੀਆਂ ਇਹ ਜੇਲ੍ਹਾਂ ਸਾਨੂੰ ਰੱਖਣ ਲਈ ਨਾਕਾਫ਼ੀ ਹੋਣਗੀਆਂ। ਤੁਸੀਂ (ਜਾਂ) ਸਾਨੂੰ ਜੇਲ੍ਹਾਂ ਵਿੱਚ ਰੱਖੋ ਜਾਂ ਗੋਲੀਆਂ ਨਾਲ ਮਾਰੋ।’’
ਕਾਬਿਲੇਗੌਰ ਹੈ ਕਿ ਕਰਨਾਟਕ ਪੁਲੀਸ ਨੇ ਸਮਾਜ ਸੇਵਕ ਨੀਲੇਸ਼ ਰਕਸ਼ਿਆਲ ਦੀ ਸ਼ਿਕਾਇਤ ਦੇ ਅਧਾਰ ’ਤੇ ਸਕੂਲ ਖਿਲਾਫ਼ 26 ਜਨਵਰੀ ਨੂੰ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਕੁੂਲ ਪ੍ਰਬੰਧਕਾਂ ਨੇ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਪੇਸ਼ ਕੀਤੇ ਨਾਟਕ ਦੌਰਾਨ ਮੋਦੀ ਦੀ ਆਲੋਚਨਾ ਕੀਤੀ ਸੀ।