ਮੋਦੀ ਚੀਨੀ ਕੰਪਨੀਆਂ ਤੋਂ ਲਏ ਫੰਡ ਮੋੜਨ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਬਣੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ’ ਵਾਸਤੇ ਚੀਨੀ ਕੰਪਨੀਆਂ ਤੋਂ ਲਏ ਫ਼ੰਡ ਫ਼ੌਰੀ ਵਾਪਸ ਕਰ ਦੇਣੇ ਚਾਹੀਦੇ ਹਨ। ਮੌਜੂਦਾ ਮਾਹੌਲ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਚੀਨੀ ਕੰਪਨੀਆਂ ਨੂੰ ਪਾਈ ਪਾਈ ਮੋੜਨ। ਮੁੱਖ ਮੰਤਰੀ ਨੇ ਫ਼ੰਡ ਦੇਣ ਵਾਲੀਆਂ ਚੀਨੀ ਕੰਪਨੀਆਂ ਦੇ ਵੇਰਵੇ ਵੀ ਦੱਸੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਕਿ ਭਾਰਤੀ ਸਰਹੱਦ ਵਿੱਚ ਕੋਈ ਘੁਸਪੈਠ ਨਹੀਂ ਹੋਈ, ਨੂੰ ਰੱਦ ਕਰਦੇ ਹੋਏ ਕਿਹਾ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜ ਦੇ ਦਖ਼ਲ ਕਰਕੇ ਹੀ ਅਜਿਹੇ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਚੀਨ ਸਿਆਚਿਨ ਅਤੇ ਅਕਸਾਈ ਚਿਨ ਵਿਚਲੇ ਖੱਪੇ ਨੂੰ ਭਰਨਾ ਚਾਹੁੰਦਾ ਹੈ। ਹੁਣ ਚੀਨ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦਾ ਵੇਲਾ ਹੈ। ਮੁੱਖ ਮੰਤਰੀ ਨੇ ਚੀਨ ਮੁੱਦੇ ਸਮੇਤ ਪ੍ਰਸਤਾਵਿਤ ਬਿਜਲੀ ਸੋਧ ਬਿੱਲ, ਖੇਤੀ ਸੁਧਾਰਾਂ ਬਾਰੇ ਕੇਂਦਰੀ ਆਰਡੀਨੈਂਸਾਂ ਲਈ ਵੀ ਕੇਂਦਰ ਸਰਕਾਰ ਨੂੰ ਘੇਰਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦੇ ਸੁਆਲ ’ਤੇ ਆਖਿਆ ਕਿ ਉਨ੍ਹਾਂ ਸਮਾਰਟ ਫੋਨ ਦੇਣ ਲਈ ਕੰਪਨੀ ਨੂੰ ਆਰਡਰ ਦਿੱਤੇ ਹੋਏ ਹਨ। ਉਹ ਹੁਣ ਚੈੱਕ ਕਰਨਗੇ ਕਿ ਕੀ ਇਹ ਚੀਨੀ ਕੰਪਨੀ ਤਾਂ ਸਪਲਾਈ ਨਹੀਂ ਦੇ ਰਹੀ ਹੈ। ਬਠਿੰਡਾ ਥਰਮਲ ਤੋਂ ਮਹਿੰਗੀ ਬਿਜਲੀ ਪੈਂਦੀ ਹੋਣ ਦਾ ਤਰਕ ਦੇ ਕੇ ਮੁੱਖ ਮੰਤਰੀ ਨੇ ਸੁਆਲ ਖ਼ਤਮ ਕਰ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਨਵੇਂ ਮੁੱਖ ਸਕੱਤਰ ਵਿਨੀ ਮਹਾਜਨ ਦੀ ਪਿੱਠ ਵੀ ਥਾਪੜੀ। ਉਨ੍ਹਾਂ ਕਿਹਾ ਕਿ ਜੇ ਮੀਆਂ-ਬੀਵੀ ਰਾਜ ਦੇ ਦੋਵੇਂ ਪ੍ਰਮੁੱਖ ਅਹੁਦਿਆਂ ’ਤੇ ਹਨ ਤਾਂ ਇਸ ਵਿੱਚ ਕੋਈ ਹਰਜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਸ ਫ਼ਾਰ ਜਸਟਿਸ ਵਾਲਾ (ਗੁਰਪਤਵੰਤ ਸਿੰਘ) ਪੰਨੂ ਹੁਣ ਪੰਜਾਬ ਵਿਚ ਅਤਿਵਾਦ ਫੈਲਾਉਣ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਦੇਸ਼ ਦਾ ਕੋਈ ਵੀ ਸਿੱਖ ਖ਼ਾਲਿਸਤਾਨ ਦੀ ਥਾਂ ਦੇਸ਼ ਦੀ ਮਜ਼ਬੂਤੀ ਚਾਹੁੰਦਾ ਹੈ। ਉਹ ਖ਼ੁਦ ਵੀ ਖ਼ਾਲਿਸਤਾਨ ਨਹੀਂ ਚਾਹੁੰਦੇ ਹਨ। ਉਨ੍ਹਾਂ ਪੰਨੂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿਚ ਵੜ ਕੇ ਦਿਖਾਵੇ। ਬਹਿਬਲ ਤੇ ਬਰਗਾੜੀ ਕਾਂਡ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਹਾਲੇ ਜਾਂਚ ਵਿੱਚ ਦੋਸ਼ੀ ਨਹੀਂ ਠਹਿਰਾਏ ਗਏ ਹਨ ਅਤੇ ਫ਼ਿਲਹਾਲ ਜਾਂਚ ਚੱਲ ਰਹੀ ਹੈ।