ਮੋਦੀ-ਟਰੰਪ ਮਿੱਤਰਤਾ ’ਚੋਂ ਲਾਹਾ ਲੈਣ ਲਈ ਕਾਫ਼ੀ ਕੁਝ: ਹੇਲੀ

ਮੋਦੀ-ਟਰੰਪ ਮਿੱਤਰਤਾ ’ਚੋਂ ਲਾਹਾ ਲੈਣ ਲਈ ਕਾਫ਼ੀ ਕੁਝ: ਹੇਲੀ

ਭਾਰਤੀ-ਅਮਰੀਕੀ ਸਿਆਸਤਦਾਨ ਨਿੱਕੀ ਹੇਲੀ ਦਾ ਮੰਨਣਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਿੱਤਰਤਾ ’ਚੋਂ ਲਾਭ ਲੈਣ ਲਈ ਕਾਫ਼ੀ ਕੁਝ ਹੈ। ਟਰੰਪ ਪ੍ਰਸ਼ਾਸਨ ਦੇ ਪਹਿਲੇ ਦੋ ਸਾਲਾਂ ਦੌਰਾਨ ਹੇਲੀ ਸੰਯੁਤਕ ਰਾਸ਼ਟਰ ਵਿਚ ਅਮਰੀਕੀ ਨੁਮਾਇੰਦੇ ਵਜੋਂ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਕੈਬਨਿਟ ਰੈਂਕ ਲੈਣ ਵਾਲੀ ਭਾਰਤੀ ਮੂਲ ਦੀ ਪਹਿਲੀ ਹਸਤੀ ਸੀ। ਹੇਲੀ ਨੇ ਕਿਹਾ ਕਿ ਡੋਨਲਡ ਤੇ ਮੇਲਾਨੀਆ ਦੇ ਭਾਰਤ ਦੌਰੇ ’ਤੇ ਉਹ ਬਹੁਤ ਖ਼ੁਸ਼ ਹੈ। ਰਿਪਬਲਿਕਨ ਆਗੂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੁਨੀਆ ਦੇ ਵੱਡੇ ਲੋਕਤੰਤਰ ਹਨ ਤੇ ਕਈ ਕਦਰਾਂ-ਕੀਮਤਾਂ ਸਾਂਝੀਆਂ ਹਨ।
ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਪੀਟਰ ਲਵੋਏ ਨੇ ਕਿਹਾ ਕਿ ਮੋਦੀ-ਟਰੰਪ ਮੇਲ ਦੇ ਕਈ ‘ਅਹਿਮ ਸਿੱਟੇ’ ਨਿਕਲਣਗੇ। ਸੁਰੱਖਿਆ ਸਬੰਧਾਂ ’ਚ ਸੁਧਾਰ ਹੋਵੇਗਾ, ਕਸ਼ਮੀਰ ਮੁੱਦਾ ਫ਼ਿਲਹਾਲ ਠੰਢਾ ਪਵੇਗਾ, ਅਫ਼ਗਾਨਿਸਤਾਨ ਨਾਲ ਜੁੜੇ ਬੰਦੋਬਸਤ ਵੀ ਕਰ ਲਏ ਜਾਣਗੇ, ਵਪਾਰਕ ਵਖ਼ਰੇਵੇਂ ਵੀ ਹੱਲ ਹੋਣਗੇ, ਊਰਜਾ ਖੇਤਰ ’ਚ ਵੀ ਸਬੰਧ ਬਿਹਤਰ ਹੋਣਗੇ। ਇਸ ਤੋਂ ਇਲਾਵਾ ਰੱਖਿਆ ਸੌਦਾ ਤਾਂ ਹੋਵੇਗਾ ਹੀ। ਨਿਊਯਾਰਕ ਅਧਾਰਿਤ ਅਟਾਰਨੀ ਰਵੀ ਬੱਤਰਾ ਮੁਤਾਬਕ ‘ਸਾਰੇ ਅਮਰੀਕੀ 130 ਕਰੋੜ ਭਾਰਤੀਆਂ ਵੱਲ ਦੇਖ ਰਹੇ ਹਨ ਜੋ ਅਮਰੀਕਾ ਨੂੰ ਗਲ ਲਾ ਰਹੇ ਹਨ ਤੇ ਇਸ ਦਾ ਜਸ਼ਨ ਮਨਾ ਰਹੇ ਹਨ, ਉਸੇ ਤਰ੍ਹਾਂ ਜਿਸ ਤਰ੍ਹਾਂ ਅਮਰੀਕਾ ਨੇ ਸਾਨੂੰ ਇੱਥੇ ਗਲ ਲਾ ਕੇ ਪਿਆਰ ਜਤਾਇਆ ਹੈ।’ ਬੱਤਰਾ ਨੇ ਦੁਵੱਲੇ ਵਪਾਰ ’ਚ ਦਰਾਮਦ ਡਿਊਟੀ ਘਟਾਉਣ, ਬਾਹਰੀ ਤੇ ਅੰਦਰੂਨੀ ਰੱਖਿਆ ’ਚ ਦੋਵਾਂ ਮੁਲਕਾਂ ਵਿਚਾਲੇ ਤਾਲਮੇਲ ਦੀ ਗੱਲ ਕੀਤੀ।

Radio Mirchi