ਮੋਦੀ ਤੇ ਸ਼ੀ ਵੱਲੋਂ ਅਤਿਵਾਦ ਦਾ ਮਿਲ ਕੇ ਟਾਕਰਾ ਕਰਨ ਦਾ ਅਹਿਦ
ਮਹਾਬਲੀਪੁਰਮ-ਕਸ਼ਮੀਰ ਮਸਲੇ ’ਤੇ ਤਣਾਅਪੂਰਨ ਹੋਏ ਦੁਵੱਲੇ ਰਿਸ਼ਤਿਆਂ ਨੂੰ ਸਹਿਜ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਸਦਰ ਸ਼ੀ ਜਿਨਪਿੰਗ ਨੇ ਅੱਜ ਇਥੇ ਰਾਤ ਦੀ ਦਾਅਵਤ ਮੌਕੇ ਰਿਸ਼ਤਿਆਂ ਨੂੰ ਨਵੀਂ ਊਰਜਾ ਦੇਣ ਲਈ ਲਗਪਗ ਢਾਈ ਘੰਟਿਆਂ ਤਕ ਸਕਾਰਾਤਮਕ ਤੇ ‘ਖ਼ੁਸ਼ਨੁਮਾ ਮਾਹੌਲ’ ਵਿੱਚ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅਹਿਦ ਲਿਆ ਕਿ ਉਹ ਅਤਿਵਾਦ ਤੇ ਕੱਟੜਵਾਦ ਜਿਹੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕ ਦੇ ਕੌਮੀ ਦ੍ਰਿਸ਼ਟੀਕੋਣ ਬਾਰੇ ਵਿਸਥਾਰਿਤ ਚਰਚਾ ਕੀਤੀ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਸਾਹਿਲੀ ਕਸਬੇ ਦੇ ਪੁਰਾਤਨ ਸ਼ੋਰ ਮੰਦਿਰ ਦੇ ਅਹਾਤੇ ਵਿੱਚ ਵੀ ਮਿੱਥੇ ਨਾਲੋਂ ਵੱਧ ਸਮਾਂ ਇਕ ਦੂਜੇ ਨਾਲ ਬਿਤਾਇਆ ਤੇ ਇਸ ਦੌਰਾਨ ਦੋ ਅਨੁਵਾਦਕਾਂ ਦੀ ਹਾਜ਼ਰੀ ਵਿੱਚ ਗੁੰਝਲਦਾਰ ਮਸਲਿਆਂ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਹੋਈ। ਇਨ੍ਹਾਂ ਵਿੱਚ ਕਸ਼ਮੀਰ ਮਸਲਾ ਸ਼ਾਮਲ ਸੀ ਜਾਂ ਨਹੀਂ, ਇਸ ਬਾਰੇ ਅਜੇ ਤਕ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਕ ਟਵੀਟ ਵਿੱਚ ਮੋਦੀ ਤੇ ਸ਼ੀ ਦਰਮਿਆਨ ਹੋਈ ਗੈਰਰਸਮੀ ਗੱਲਬਾਤ ਨੂੰ ‘ਉਸਾਰੂ’ ਕਰਾਰ ਦਿੱਤਾ। ਉਧਰ ਸ੍ਰੀ ਮੋਦੀ ਨੇ ਵੀ ਰਾਤ ਦੀ ਦਾਅਵਤ ਮਗਰੋਂ ਕੀਤੇ ਟਵੀਟ ’ਚ ਕਿਹਾ ਕਿ ਉਹ ਚੀਨੀ ਸਦਰ ਨਾਲ ਸਮਾਂ ਬਿਤਾ ਕੇ ਖ਼ੁਸ਼ ਹਨ। ਉਂਜ, ਦੋਵੇਂ ਆਗੂ ਭਲਕੇ ਮੁੜ ਇਕ ਦੂਜੇ ਦੇ ਰੂਬਰੂ ਹੋਣਗੇ, ਜਿਸ ਮਗਰੋਂ ਵਫਦ ਪੱਧਰ ਦੀ ਗੱਲਬਾਤ ਹੋਵੇਗੀ। ਮਗਰੋਂ ਦੋਵੇਂ ਧਿਰਾਂ ਵੱਖੋ-ਵੱਖਰੇ ਬਿਆਨ ਜਾਰੀ ਕਰਨਗੀਆਂ।
ਰਵਾਇਤੀ ਤਾਮਿਲ ਪੁਸ਼ਾਕ ਵਿੱਚ ਸਜੇ ਸ੍ਰੀ ਮੋਦੀ ਨੇ ਚੰਗੇ ਮੇਜ਼ਬਾਨ ਵਜੋਂ ਚੀਨੀ ਸਦਰ ਨੂੰ ਵਿਸ਼ਵ ਪ੍ਰਸਿੱਧ ਵਿਰਾਸਤੀ ਥਾਵਾਂ ਅਰਜੁਨ ਤਪੱਸਿਆ ਸਮਾਰਕ, ਨਵਨੀਤ ਪਿੰਡ (ਕ੍ਰਿਸ਼ਨਾਜ਼ ਬਟਰਬਾਲ), ਪੰਚ ਰੱਥ ਤੇ ਸ਼ੋਰ ਮੰਦਿਰ ਦੇ ਦਰਸ਼ਨ ਕਰਵਾਏ। ਪ੍ਰਧਾਨ ਮੰਤਰੀ ਨੇ ਸ਼ੀ ਨੂੰ ਇਨ੍ਹਾਂ ਸਮਾਰਕਾਂ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ। ਸ਼ੀ ਨੇ ਚੀਨ ਦੇ ਫੁਜਿਆਨ ਸੂਬੇ ਨਾਲ ਇਤਿਹਾਸਕ ਰੂਪ ਵਿੱਚ ਜੁੜੇ ਪੱਲਵ ਵੰਸ਼ ਵੱਲੋਂ ਉਸਾਰੇ ਸੱਤਵੀਂ ਸਦੀ ਦੇ ਇਨ੍ਹਾਂ ਸਮਾਰਕਾਂ ਵਿੱਚ ਖਾਸੀ ਦਿਲਚਸਪੀ ਵਿਖਾਈ। ਸ੍ਰੀ ਮੋਦੀ ਤੇ ਸ਼ੀ ਲਗਪਗ ਪੰਦਰਾਂ ਮਿੰਟ ਤਕ ਪੰਚ ਰੱਥ ਦੇ ਵਿਹੜੇ ਵਿੱਚ ਬੈਠੇ ਤੇ ਇਸ ਮੌਕੇ ਦੋ ਅਨੁਵਾਦਕ ਉਨ੍ਹਾਂ ਨਾਲ ਮੌਜੂਦ ਸਨ। ਦੋਵਾਂ ਆਗੂਆਂ ਨੇ ਨਾਰੀਅਲ ਪਾਣੀ ਦਾ ਜ਼ਾਇਕਾ ਲੈਂਦਿਆਂ ਡੂੰਘੀ ਚਰਚਾ ਕੀਤੀ। ਇਸ ਮਗਰੋਂ ਦੋਵੇਂ ਆਗੂ ਸ਼ੋਰ ਮੰਦਿਰ ਗਏ, ਜੋ ਪੱਲਵ ਵੰਸ਼ ਦੀ ਸਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਮੋਦੀ ਤੇ ਸ਼ੀ ਨੇ ਇਥੇ ਕੁਝ ਸਮਾਂ ਬਿਤਾਇਆ ਤੇ ਇਸ ਦੌਰਾਨ ਦੋਵਾਂ ਮੁਲਕਾਂ ਦਾ ਸਿਖਰਲਾ ਵਫ਼ਦ ਵੀ ਉਥੇ ਪੁੱਜ ਗਿਆ। ਇਸ ਤੋਂ ਕੁਝ ਮਿੰਟਾਂ ਮਗਰੋਂ ਦੋਵਾਂ ਆਗੂਆਂ ਨੇ ਸ਼ੋਰ ਮੰਦਿਰ ਦੇ ਪਿਛੋਕੜ ਵਿੱਚ ਸਭਿਆਚਾਰਕ ਪੇਸ਼ਕਾਰੀ ਦਾ ਆਨੰਦ ਲਿਆ।
ਗੈਰ-ਰਸਮੀ ਵਾਰਤਾ ਤਹਿਤ ਚੀਨੀ ਸਦਰ ਸ਼ੀ ਜਿਨਪਿੰਗ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਸਵੇਰੇ ਪਹਿਲਾਂ ਇਕ ਦੂਜੇ ਦੇ ਰੂਬਰੂ ਹੋਣਗੇ ਤੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਵਫ਼ਦ ਪੱਧਰ ਦੀ ਗੱਲਬਾਤ ਹੋਵੇਗੀ। ਅਧਿਕਾਰੀਆਂ ਮੁਤਾਬਕ ਬਾਅਦ ਵਿੱਚ ਦੋਵੇਂ ਧਿਰਾਂ ਸਿਖਰ ਵਾਰਤਾ ਦੇ ਨਤੀਜੇ ਬਾਰੇ ਵੱਖੋ ਵੱਖਰੇ ਬਿਆਨ ਜਾਰੀ ਕਰਨਗੀਆਂ। ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘ਦੋਵੇਂ ਧਿਰਾਂ ਜਾਣਦੀਆਂ ਹਨ ਕਿ ਇਨ੍ਹਾਂ ਸਬੰਧਾਂ ’ਤੇ ਕਾਫੀ ਕੁਝ ਮੁਨੱਸਰ ਕਰਦਾ ਹੈ ਤੇ ਇਹ ਤੱਥ ਇਸ ਗੱਲ ਤੋਂ ਸਪਸ਼ਟ ਹੈ ਕਿ ਸਿਖਰ ਵਾਰਤਾ ਰੱਦ ਹੋਣ ਦੀਆਂ ਅਫ਼ਵਾਹਾਂ ਦੇ ਬਾਵਜੂਦ ਇਹ ਵਾਰਤਾ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਸਿਰੇ ਚੜ੍ਹੀ ਹੈ।’ ਇਸ ਦੌਰਾਨ ਭਾਰਤ ਵਿੱਚ ਚੀਨ ਦੇ ਰਾਜਦੂਤ ਸੁਨ ਵੀਡੌਂਗ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਇਸ ਗ਼ੈਰਰਸਮੀ ਸਿਖਰ ਵਾਰਤਾ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਦੇ ਵਿਕਾਸ ਦੀ ਦਿਸ਼ਾ ਵਿੱਚ ‘ਦਿਸ਼ਾ ਨਿਰਦੇਸ਼ਕ’ ਸਿਧਾਂਤ ਸਮੇਤ ‘ਨਵੀਂ ਆਮ ਸਹਿਮਤੀ’ ਉਭਰ ਸਕਦੀ ਹੈ।’