ਮੋਦੀ ਵੱਲੋਂ 22 ਨੂੰ ਦੇਸ਼ ਭਰ ਵਿੱਚ ‘ਜਨਤਾ ਕਰਫਿਊ’ ਦਾ ਸੱਦਾ
ਕਰੋਨਾਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਵਾਰ (22 ਮਾਰਚ) ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ‘ਜਨਤਾ ਕਰਫਿਊ’ ਦਾ ਪਾਲਣ ਕਰਨ। ਦੇਸ਼ ਦੇ ਨਾਮ ਵਿਸ਼ੇਸ਼ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਇਹ ਜਨਤਾ ਕਰਫਿਊ ਹੈ ਅਤੇ ਲੋਕ ਖੁਦ ਹੀ ਇਸ ਦਾ ਪਾਲਣ ਕਰਨਗੇ।’’ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਕਰਫਿਊ’ ਦਾ ਪਾਲਣ ਕਰਦਿਆਂ ਸੜਕਾਂ ’ਤੇ ਨਾ ਜਾਣ ਅਤੇ ਆਪਣੀਆਂ ਸੁਸਾਇਟੀਆਂ ’ਚ ਵੀ ਇਕੱਠੇ ਨਾ ਹੋਣ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ 22 ਮਾਰਚ ਨੂੰ ਸ਼ਾਮ 5 ਵਜੇ ਆਪਣੇ ਘਰਾਂ ਤੋਂ ਬਾਹਰ ਆ ਕੇ ਪੰਜ ਮਿੰਟ ਤਕ ਥਾਲ ਜਾਂ ਹੋਰ ਵਸਤਾਂ ਖੜਕਾ ਕੇ ਡਾਕਟਰਾਂ, ਨਰਸਾਂ, ਸਾਫ਼ ਸਫਾਈ ਕਰਮੀਆਂ, ਟਰਾਂਸਪੋਰਟ ਸੇਵਾ ਦੇ ਮੁਲਾਜ਼ਮਾਂ ਅਤੇ ਹੋਰਾਂ ਦਾ ਧੰਨਵਾਦ ਕਰਨ ਜਿਹੜੇ ਆਪਣੀਆਂ ਜਾਨਾਂ ਖ਼ਤਰੇ ’ਚ ਪਾ ਕੇ ਲੋਕਾਂ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ 60 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਆਉਂਦੇ ਹਫ਼ਤਿਆਂ ’ਚ ਘਰਾਂ ਤੋਂ ਬਾਹਰ ਨਿਕਲਣ ’ਚ ਗੁਰੇਜ਼ ਕਰਨ।
ਬੀਤੇ ਦੀਆਂ ਮਿਸਾਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ,‘‘ਹੋ ਸਕਦਾ ਹੈ ਕਿ ਮੌਜੂਦਾ ਪੀੜ੍ਹੀ ਇਸ ਗੱਲ ਤੋਂ ਜਾਣੂ ਨਾ ਹੋਵੇ ਕਿ ਜਦੋਂ ਜੰਗ ਵਰਗੇ ਹਾਲਾਤ ਹੁੰਦੇ ਸਨ ਤਾਂ ਪਿੰਡਾਂ ’ਚ ਬਲੈਕ ਆਊਟ ਹੋ ਜਾਂਦਾ ਸੀ ਅਤੇ ਸ਼ੀਸ਼ੇ ਵਾਲੇ ਰੌਸ਼ਨਦਾਨ ਤਕ ਕਾਲੇ ਕਰ ਦਿੱਤੇ ਜਾਂਦੇ ਸਨ। ਲੋਕ ਚੌਕਸੀ ਰਖਦੇ ਸਨ ਅਤੇ ਜਦੋਂ ਜੰਗ ਨਹੀਂ ਲੱਗੀ ਹੁੰਦੀ ਸੀ ਤਾਂ ਵੀ ਸਥਾਨਕ ਪ੍ਰਸ਼ਾਸਨ ਨਿਯਮਤ ਤੌਰ ’ਤੇ ਮਸ਼ਕ ਕਰਦਾ ਰਹਿੰਦਾ ਸੀ।’’ ਉਨ੍ਹਾਂ ਲੋਕਾਂ ਨੂੰ ਸੂਬਾ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਵੀ ਕਿਹਾ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਹਰ ਕੋਈ ਅਹਿਦ ਲਵੇ ਕਿ ਉਹ ਕੋਵਿਡ-19 ਤੋਂ ਪੀੜਤ ਨਹੀਂ ਹੋਵੇਗਾ ਅਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਦੇ ਉਪਰਾਲੇ ਕਰੇਗਾ। ‘ਅਜਿਹੇ ਹਾਲਾਤ ’ਚ ਸਿਰਫ਼ ਇਕੋ ਮੰਤਰ ਕੰਮ ਕਰਦਾ ਹੈ। ਅਖ਼ਬਾਰ ਸਾਨੂੰ ਵੱਖ-ਵੱਖ ਤਰ੍ਹਾਂ ਦੇ ਹਾਕਰਾਂ ਵੱਲੋਂ ਸਪਲਾਈ ਕੀਤੇ ਜਾਂਦੇ ਹਨ। ਜੇਕਰ ਅਸੀਂ ਤੰਦਰੁਸਤ ਹਾਂ ਤਾਂ ਪੂਰੀ ਦੁਨੀਆਂ ਸਿਹਤਮੰਦ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਰਜ਼ ਦੀ ਕੋਈ ਦਵਾਈ ਨਹੀਂ ਬਣੀ ਹੈ ਤਾਂ ਲੋਕ ਸੰਜਮ ਰੱਖ ਕੇ ਹੀ ਬਚ ਸਕਦੇ ਹਨ। ਲੋਕਾਂ ਨੂੰ ਉਨ੍ਹਾਂ ਕਿਹਾ ਕਿ ਉਹ ਭੀੜ-ਭਾੜ ਵਾਲੇ ਇਲਾਕਿਆਂ ’ਚ ਨਾ ਜਾਣ ਅਤੇ ਸਮਾਜਿਕ ਇਕੱਠਾਂ ਤੋਂ ਦੂਰੀ ਬਣਾਉਣਾ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਸੜਕਾਂ ’ਤੇ ਘੁੰਮ ਕੇ ਉਹ ਸੁਰੱਖਿਅਤ ਹਨ ਤਾਂ ਉਹ ਆਪਣੇ ਨੇੜਲਿਆਂ ਨਾਲ ਬੇਇਨਸਾਫ਼ੀ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ।