ਮੋਦੀ ਵੱਲੋਂ ਸਿਖਰਲੇ ਫ਼ੌਜੀ ਕਮਾਂਡਰਾਂ ਨਾਲ ਮੀਟਿੰਗ
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਵਿੱਚ ਜਾਰੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਮੰਤਵ ਬਾਹਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੀਆਂ ਫ਼ੌਜੀ ਤਿਆਰੀਆਂ ’ਤੇ ਨਜ਼ਰਸਾਨੀ ਤੇ ਇਨ੍ਹਾਂ ਨੂੰ ਮਜ਼ਬੂਤ ਕਰਨਾ ਸੀ। ਮੀਟਿੰਗ ਦੌਰਾਨ ਤਿੰਨੋਂ ਸੈਨਾਵਾਂ ਦੇ ਸਿਖਰਲੇ ਅਧਿਕਾਰੀਆਂ ਨੇ ਸ੍ਰੀ ਮੋਦੀ ਨੂੰ ਪੂਰਬੀ ਲੱਦਾਖ ਵਿੱਚਲੇ ਮੌਜੂਦਾ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਤੋਂ ਵਿਉਂਤੀ ਇਸ ਮੀਟਿੰਗ ਵਿੱਚ ਅਹਿਮ ਫ਼ੌਜੀ ਸੁਧਾਰਾਂ ਤੇ ਭਾਰਤ ਦੀ ਜੰਗੀ ਮੁਹਾਰਤ ਨੂੰ ਵਧਾਉਣ ਦੇ ਤੌਰ ਤਰੀਕਿਆਂ ’ਤੇ ਵਿਚਾਰ ਚਰਚਾ ਕਰਨਾ ਸੀ।
ਮੀਟਿੰਗ ਦੌਰਾਨ ਜਨਰਲ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਫੌਜ ਦੇ ਆਧੁਨਿਕੀਕਰਨ ਲਈ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਸ਼ੇਕਾਟਕਰ ਕਮੇਟੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਨੂੰ ਅਮਲ ਵਿੱਚ ਲਿਆਉਣ ਬਾਰੇ ਵੀ ਦੱਸਿਆ। ਉਂਜ ਇਸ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਚੀਫ਼ ਆਫ਼ ਡਿਫੈਂਸ ਸਟਾਫ਼ ਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੈਂਗੌਂਗ ਸੋ ਝੀਲ, ਗਲਵਾਨ ਵਾਦੀ, ਡੈਮਚੋਕ ਤੇ ਦੌਲਤ ਬੇਗ ਓਲਡੀ ਵਿੱਚ ਪਿਛਲੇ 20 ਦਿਨਾਂ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਜਾਰੀ ਟਕਰਾਅ ਕਰਕੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ।
ਉਧਰ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਲੱਦਾਖ, ਉੱਤਰੀ ਸਿੱਕਿਮ ਤੇ ਉੱਤਰਾਖੰਡ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਉਪਜੇ ਮੌਜੂਦਾ ਹਾਲਾਤ ’ਤੇ ਨੇੜਿਓਂ ਹੋ ਕੇ ਨਜ਼ਰ ਰੱਖ ਰਹੇ ਹਨ। ਇਕ ਅਧਿਕਾਰੀ ਨੇ ਆਪਣਾ ਨਾਮ ਨਾ ਨਸ਼ਰ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ, ‘ਚੀਨ ਦੀ ਭਾਰਤ ’ਤੇ ਫੌਜੀ ਦਬਾਅ ਪਾਉਣ ਦੀ ਰਣਨੀਤੀ ਕੰਮ ਨਹੀਂ ਕਰੇਗੀ। ਅਸੀਂ ਚਾਹੁੰਦੇ ਹਾਂ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ। ਉਂਜ ਮੀਟਿੰਗ ਦੌਰਾਨ ਸਿਖਰਲੇ ਫ਼ੌਜੀ ਅਧਿਕਾਰੀਆਂ ਨੇ ਸ੍ਰੀ ਮੋਦੀ ਨੂੰ ਐੱਲਏਸੀ ਦੇ ਨਾਲ ਬੁਨਿਆਦੀ ਢਾਂਚੇ ਨਾਲ ਜੁੜੇ ਅਹਿਮ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ। ਸਰਕਾਰੀ ਸੂਤਰਾਂ ਨੇ ਕਿਹਾ ਕਿ ਭਾਰਤ 3500 ਕਿਲੋਮੀਟਰ ਲੰਮੀ ਚੀਨ-ਭਾਰਤ ਸਰਹੱਦ ਨਾਲ ਲਗਦੇ ਯੁਧਨੀਤਕ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਪ੍ਰਾਜੈਕਟ ਜਾਰੀ ਰੱਖੇਗਾ। ਸੂਤਰਾਂ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਜਾਰੀ ਤਲਖੀ ਦੇ ਮੱਦੇਨਜ਼ਰ ਭਾਰਤੀ ਫ਼ੌਜ ਨੇ ਲੱਦਾਖ ਤੋਂ ਇਲਾਵਾ ਉੱਤਰੀ ਸਿੱਕਿਮ, ਉੱਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਵਿੱਚ ਨਾਜ਼ੁਕ ਸਰਹੱਦੀ ਖੇਤਰਾਂ ਵਿੱਚ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਚੀਨ ਨੇ ਪੈਂਗੌਂਗ ਸੋ ਝੀਲ ਖੇਤਰ ਤੇ ਗਲਵਾਨ ਵਾਦੀ ਵਿੱਚ ਡਰਬੁਕ-ਸ਼ਾਯੋਕ ਤੇ ਦੌਲਤ ਬੇਗ ਓਲਡੀ ਨੂੰ ਜੋੜਨ ਲਈ ਕੀਤੇ ਜਾ ਰਹੇ ਸੜਕ ਨਿਰਮਾਣ ਦੇ ਕੰਮ ’ਤੇ ਉਜਰ ਜਤਾਇਆ ਹੈ। ਉਧਰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵਾ ਨੇ ਚੀਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਜਾਰੀ ਤਣਾਅ ਦੀ ਅਸਲ ਵਜ੍ਹਾ ਭਾਰਤੀ ਫੌਜ ਵੱਲੋਂ ਚੀਨੀ ਖੇਤਰ ਵਿੱਚ ਨਾਜਾਇਜ਼ ਦਾਖ਼ਲਾ ਹੈ।