ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਨੇ ਸਿੱਖਿਆ ਭਵਨ ਘੇਰਿਆ

ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਨੇ ਸਿੱਖਿਆ ਭਵਨ ਘੇਰਿਆ

ਸਿੱਖਿਆ ਵਿਭਾਗ ਵੱਲੋਂ ਸੈਂਕੜੇ ਸਕੂਲਾਂ ਨੂੰ ਤਾਲਾ ਲਗਾਉਣ ਦੇ ਫਰਮਾਨ, ਸਿੱਖਿਆ ਵਿਭਾਗ ਦੀ ਕੀਤੀ ਜਾ ਰਹੀ ਆਕਾਰ ਘਟਾਈ ਅਤੇ ਪੇਂਡੂ ਵਸੋਂ ਤੋਂ ਸਿੱਖਿਆ ਦਾ ਹੱਕ ਖੋਹੇ ਜਾਣ ਦੇ ਰੋਸ ਵਜੋਂ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਵੈ-ਮਾਣ ਦੀ ਬਹਾਲੀ ਲਈ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਨੇ ਅੱਜ ਸਿੱਖਿਆ ਭਵਨ ਦਾ ਘਿਰਾਓ ਕੀਤਾ। ਇਸ ਧਰਨਾ ਪ੍ਰਦਰਸ਼ਨ ਵਿਚ ਪੰਜਾਬ ਭਰ ’ਚੋਂ ਹਜ਼ਾਰਾਂ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਮਗਰੋਂ ਮੁਹਾਲੀ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਧਰਨੇ ਵਿਚ ਪੁੱਜ ਕੇ ਸੰਘਰਸ਼ਸ਼ੀਲ ਅਧਿਆਪਕਾਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਅਧਿਆਪਕ ਮਸਲਿਆਂ ਸਬੰਧੀ 27 ਫਰਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਸ਼ਾਮ ਨੂੰ ਅਧਿਆਪਕਾਂ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਮੀਟਿੰਗ ਵਿਚ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਉਹ ਮੁੜ ਸੜਕਾਂ ’ਤੇ ਉਤਰਨਗੇ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਕੰਮ ਕਰਨ ਦੇ ਤਰੀਕਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਖਿਆ ਸੁਧਾਰ ਦੇ ਨਾਂ ’ਤੇ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਡੀਏ ਦੀਆਂ ਕਿਸ਼ਤਾਂ, ਬਕਾਏ ਅਤੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਨ, ਦੋਸ਼ ਸੂਚੀਆਂ/ਨੋਟਿਸ ਰੱਦ ਕਰਨ, ਬੇਮੌਕਾ ਰੈਸ਼ਨੇਲਾਈਜ਼ੇਸ਼ਨ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੁੱਢਲੀ ਤਨਖ਼ਾਹ ’ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ, ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਦੇਣ, ਬਰਾਬਰ ਕੰਮ ਬਰਾਬਰ ਤਨਖ਼ਾਹ ਅਤੇ ਹੋਰ ਅਧਿਆਪਕ ਪੱਖੀ ਅਦਾਲਤੀ ਫ਼ੈਸਲੇ ਲਾਗੂ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਜੀਟੀਯੂ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪਰ ਅਫ਼ਸਰਸ਼ਾਹੀ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ।
ਇਸ ਮੌਕੇ ਮੰਚ ਸੰਚਾਲਕ ਗੁਰਬਿੰਦਰ ਸਿੰਘ ਸਸਕੌਰ, ਵੇਦ ਪ੍ਰਕਾਸ਼ ਸ਼ਰਮਾ, ਤੀਰਥ ਬਾਸੀ, ਦਰਸ਼ਨ ਬੇਲੂਮਾਜਰਾ, ਹਰਨੇਕ ਸਿੰਘ ਮਾਵੀ, ਗੁਰਪ੍ਰੀਤ ਭੋਤਨਾ, ਸੁਭਾਸ਼ ਚੰਦਰ, ਜਰਮਨਜੀਤ ਸਿੰਘ, ਕੁਲਵਿੰਦਰ ਨਾੜੂ, ਮੰਗਲ ਟਾਂਡਾ, ਕੁਲਵਿੰਦਰ, ਰਣਜੀਤ ਸਿੰਘ ਮਾਨ, ਕੁਲਦੀਪ ਪੁਰੋਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਰਜੀਤ ਸਿੰਘ ਮੁਹਾਲੀ, ਬਲਵਿੰਦਰ ਸਿੰਘ ਭੁੱਟੋ, ਗਣੇਸ਼ ਭਗਤ, ਭਗਵੰਤ ਭਟੇਜਾ, ਸਰਬਜੀਤ ਬਰਾੜ ਆਦਿ ਹਾਜ਼ਰ ਸਨ।

Radio Mirchi