ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਸੰਗਰੂਰ-ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੂੰ ਖਦੇੜਨ ਲਈ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਲਾਠੀਚਾਰਜ ਦੌਰਾਨ ਔਰਤਾਂ ਸਣੇ ਕਈ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਵੱਲੋਂ ਖਿੱਚ-ਧੂਹ ਕੀਤੀ ਗਈ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਪੁਲੀਸ ’ਤੇ ਮਹਿਲਾ ਅਧਿਆਪਕਾਂ ਉੱਤੇ ਡੰਡਾ ਵਰ੍ਹਾਉਣ, ਦੌੜਾ-ਦੌੜਾ ਕੇ ਕੁੱਟਣ ਤੇ ਪਥਰਾਅ ਕਰਨ ਦੇ ਦੋਸ਼ ਲਗਾਏ ਗਏ। ਉੱਧਰ, ਵੱਖ-ਵੱਖ ਜਥੇਬੰਦੀਆਂ ਨੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇੱਥੇ ਡਿਪਟੀ ਕਮਿਸ਼ਨਰ ਕੰਪਲੈਕਸ ਅੱਗੇ ਰੁਜ਼ਗਾਰ ਦੀ ਮੰਗ ਸਬੰਧੀ ਪਿਛਲੇ 70 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਟੈਟ ਪਾਸ ਬੀ.ਐੱਡ ਬੇਰੁਜ਼ਗਾਰ ਅਧਿਆਪਕ ਬੀਏ ’ਚੋਂ 55 ਫੀਸਦੀ ਦੀ ਸ਼ਰਤ ਨੂੰ ਵਾਪਸ ਕਰਾਉਣ ਲਈ ਅੱਜ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਸਨ। ਪ੍ਰਦਰਸ਼ਨਕਾਰੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਤਸਵੀਰਾਂ ਵਾਲੇ ਪੁਤਲਿਆਂ ਨੂੰ ਗਧੀ ’ਤੇ ਬਿਠਾ ਕੇ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਮਾਰਚ ਕਰਨ ਮਗਰੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਨੇੜੇ ਪੁੱਜੇ ਤਾਂ ਪੁਲੀਸ ਨੇ ਨਾਕਾ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵੇਂ ਧਿਰਾਂ ’ਚ ਝੜਪ ਹੋ ਗਈ ਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ। ਲਾਠੀਚਾਰਜ ’ਚ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਉਹ ਹੇਠਾਂ ਡਿੱਗ ਗਏ।

Radio Mirchi