ਯੂਪੀ ’ਚ ਫਾਇਰਿੰਗ ਦੌਰਾਨ 6 ਹਲਾਕ

ਯੂਪੀ ’ਚ ਫਾਇਰਿੰਗ ਦੌਰਾਨ 6 ਹਲਾਕ

ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਤਜਵੀਜ਼ਤ ਐੱਨਆਰਸੀ ਖ਼ਿਲਾਫ਼ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ’ਚ ਲੋਕਾਂ ਦਾ ਰੋਸ ਹੋਰ ਤਿੱਖਾ ਹੋ ਗਿਆ ਹੈ। ਇਸ ਦੌਰਾਨ ਅੱਜ ਉੱਤਰ ਪ੍ਰਦੇਸ਼ ’ਚ ਫਾਇਰਿੰਗ ਦੌਰਾਨ 6 ਵਿਅਕਤੀ ਮਾਰੇ ਗਏ। ਉੱਤਰ ਪ੍ਰਦੇਸ਼ ਦੇ ਪੁਲੀਸ ਮੁਖੀ ਓ ਪੀ ਸਿੰਘ ਮੁਤਾਬਕ ਬਿਜਨੌਰ ’ਚ ਦੋ, ਫਿਰੋਜ਼ਾਬਾਦ, ਸੰਭਲ ਅਤੇ ਮੇਰਠ ’ਚ ਇਕ-ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਹੈ। ਅਧਿਕਾਰੀਆਂ ਮੁਤਾਬਕ ਇਕ ਵਿਅਕਤੀ ਦੀ ਮੌਤ ਕਾਨਪੁਰ ’ਚ ਵੀ ਹੋਈ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਪ੍ਰਦਰਸ਼ਨਾਂ ਦੌਰਾਨ 50 ਪੁਲੀਸ ਕਰਮੀ ਵੀ ਜ਼ਖ਼ਮੀ ਹੋਏ ਹਨ। ਉੱਤਰ ਪ੍ਰਦੇਸ਼ ’ਚ ਕੱਲ ਇਕ ਵਿਅਕਤੀ ਮਾਰਿਆ ਗਿਆ ਸੀ। ਪੁਲੀਸ ਮੁਖੀ ਅਨੁਸਾਰ ਭੀੜ ਨੇ ਪੁਲੀਸ ਕਰਮੀਆਂ ’ਤੇ ਗੋਲੀਆਂ ਚਲਾਈਆਂ ਜਿਸ ਦੇ ਜਵਾਬ ’ਚ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਵੀ ਦਾਗ਼ੀਆਂ ਗਈਆਂ। ਦਿੱਲੀ ਦੇ ਦਰਿਆਗੰਜ ਇਲਾਕੇ ’ਚ ਪ੍ਰਦਰਸ਼ਨਾਕਰੀਆਂ ਨੇ ਕਾਰ ਨੂੰ ਅੱਗ ਹਵਾਲੇ ਕਰ ਦਿੱਤਾ ਜਦਕਿ ਦਿੱਲੀ ਗੇਟ ਨੇੜੇ ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ
ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਵੀ ਕੀਤਾ। ਪੂਰੇ ਮੁਲਕ ’ਚ ਫੈਲੇ ਰੋਹ ਨੂੰ ਦੇਖਦਿਆਂ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਲੋਕਾਂ ’ਚ ਕਾਨੂੰਨ ਨੂੰ ਲੈ ਕੇ ਕੋਈ ਰੋਸ ਹੈ ਤਾਂ ਸਰਕਾਰ ਉਨ੍ਹਾਂ ਤੋਂ ਸੁਝਾਅ ਲਵੇਗੀ। ਇਸ ਦੇ ਨਾਲ ਨਵੇਂ ਕਾਨੂੰਨ ਬਾਰੇ ਲੋਕਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼ ਦੇ ਗੋਰਖਪੁਰ, ਸੰਭਲ, ਭਦੋਹੀ, ਬਹਿਰਾਈਚ, ਫਰੂਖਾਬਾਦ, ਬੁਲੰਦਸ਼ਹਿਰ ਅਤੇ ਫਿਰੋਜ਼ਾਬਾਦ ’ਚ ਜੁਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਅਤੇ ਕਈ ਵਾਹਨਾਂ ਨੂੰ ਅੱਗਾਂ ਲਗਾ ਦਿੱਤੀਆਂ। ਅਲੀਗੜ੍ਹ, ਮਊ, ਆਜ਼ਮਗੜ੍ਹ, ਲਖਨਊ, ਕਾਨਪੁਰ, ਬਰੇਲੀ, ਸ਼ਾਹਜਹਾਂਪੁਰ, ਗਾਜ਼ੀਆਬਾਦ, ਬੁਲੰਦਸ਼ਹਿਰ ਅਤੇ ਅਲਾਹਾਬਾਦ ਸਮੇਤ ਕਰੀਬ ਇਕ ਦਰਜਨ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾ ਮੁਅੱਤਲ ਰਹੀਆਂ।
ਦਿੱਲੀ ’ਚ ਪਾਬੰਦੀਆਂ ਵਿਚਕਾਰ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ ਵੀ ਪੁਲੀਸ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਜਾਮਾ ਮਸਜਿਦ ਨੇੜੇ ਪਹੁੰਚਣ ਤੋਂ ਨਾ ਰੋਕ ਸਕੀ। ਇਸ ਮਗਰੋਂ ਪ੍ਰਦਰਸ਼ਨਕਾਰੀ ਇੰਡੀਆ ਗੇਟ ਅਤੇ ਸੈਂਟਰਲ ਪਾਰਕ ’ਚ ਇਕੱਠੇ ਹੋ ਗਏ। ਇੰਡੀਆ ਗੇਟ ’ਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ’ਚ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੀ ਸ਼ਾਮਲ ਹੋਈ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਨੋਟਬੰਦੀ ਵਾਂਗ ਹਰੇਕ ਭਾਰਤੀ ਨੂੰ ਲਾਈਨਾਂ ’ਚ ਲਗਾ ਕੇ ਉਨ੍ਹਾਂ ਦੀ ਨਾਗਰਿਕਤਾ ਸਾਬਤ ਕਰਵਾਉਣਾ ਚਾਹੁੰਦੀ ਹੈ। ਦਿੱਲੀ ਮਹਿਲਾ ਕਾਂਗਰਸ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਅਤੇ ਕੁਝ ਹੋਰ ਆਗੂਆਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਨੇ 40 ਵਿਅਕਤੀਆਂ ਨੂੰ ਫੜਿਆ ਹੈ। ਜਾਮੀਆ ਮਿਲੀਆ ਇਸਲਾਮੀਆ ਦੇ ਬਾਹਰ ਸੈਂਕੜੇ ਲੋਕਾਂ ਨੇ ਸਫ਼ੈਦ ਟੋਪੀਆਂ ਪਹਿਨੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਨੋ ਸੀਏਏ ਨੋ ਐੱਨਆਰਸੀ’ (ਨਾਗਰਿਕਤਾ ਸੋਧ ਐਕਟ ਅਤੇ ਕੌਮੀ ਨਾਗਰਿਕਤਾ ਰਜਿਸਟਰ ਦੀ ਖ਼ਿਲਾਫ਼ਤ) ਲਿਖਿਆ ਹੋਇਆ ਸੀ। ‘ਸੰਵਿਧਾਨ ਬਚਾਓ’ ਅਤੇ ਹੋਰ ਬੈਨਰ ਪ੍ਰਦਰਸ਼ਨਕਾਰੀਆਂ ਨੇ ਫੜੇ ਹੋਏ ਸਨ। ਕੁਝ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਪੁਲੀਸ ਨੂੰ ਗੁਲਾਬ ਵੀ ਭੇਟ ਕੀਤੇ।
ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਹਾਥੀਖਾਨਾ ਇਲਾਕੇ ’ਚ ਮਸਜਿਦ ’ਚ ਨਮਾਜ਼ ਅਦਾ ਕੀਤੇ ਜਾਣ ਦੀ ਵੀਡੀਓਗਰਾਫ਼ੀ ਕਰਨ ਦੇ ਰੋਸ ਵਜੋਂ ਭੀੜ ਨੇ ਪੁਲੀਸ ’ਤੇ ਪੱਥਰ ਸੁੱਟੇ। ਪੁਲੀਸ ਮੁਤਾਬਕ ਇਹਤਿਆਤ ਵਜੋਂ ਇਹ ਕਦਮ ਉਠਾਇਆ ਗਿਆ ਸੀ। ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਇਕ ਸੀਨੀਅਰ ਅਧਿਕਾਰੀ ਪਥਰਾਅ ’ਚ ਜ਼ਖ਼ਮੀ ਹੋ ਗਿਆ। ਮਹਾਰਾਸ਼ਟਰ ਦੇ ਬੀੜ, ਨਾਂਦੇੜ ਅਤੇ ਪਾਰਬਨੀ ਜ਼ਿਲ੍ਹਿਆਂ ’ਚ ਸਰਕਾਰੀ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗੁਆਂਢੀ ਸੂਬੇ ਕਰਨਾਟਕ ਦੇ ਮੰਗਲੁਰੂ ’ਚ ਵੀਰਵਾਰ ਨੂੰ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਅੱਜ ਕੇਰਲ ’ਚ ਪੁਲੀਸ ਨੇ ਇਹਤਿਆਤ ਰੱਖੀ। ਕਾਂਗਰਸ ਵਰਕਰਾਂ ਨੇ ਕੋਜ਼ੀਕੋਡ ’ਚ ਸੜਕਾਂ ਜਾਮ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਕਰਨਾਟਕ ਪੁਲੀਸ ਨੇ ਮੰਗਲੁਰੂ ’ਚ ਕੇਰਲ ਦੇ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਸੀ। ਸ਼ਨਾਖਤੀ ਕਾਰਡ ਤੋਂ ਬਿਨਾਂ ਰੇਲ ਰਾਹੀਂ ਆਏ 50 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਸਰਕਾਰੀ ਵੇਨਲੌਕ ਹਸਪਤਾਲ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਕੁਝ ਪੱਤਰਕਾਰਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਛੱਡ ਦਿੱਤਾ ਗਿਆ। ਇਸੇ ਹਸਪਤਾਲ ’ਚ ਪੁਲੀਸ ਫਾਇਰਿੰਗ ’ਚ ਮਾਰੇ ਗਏ ਦੋ ਵਿਅਕਤੀਆਂ ਦਾ ਪੋਸਟਮਾਰਟਮ ਹੋਣਾ ਸੀ। ਪੁਲੀਸ ਸੂਤਰਾਂ ਨੇ ਕਿਹਾ ਕਿ ਮੰਗਲੁਰੂ ’ਚ ਪੁਲੀਸ ਸਟੇਸ਼ਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੌਰਾਨ ਭੀੜ ਨੂੰ ਖਿੰਡਾ ਦਿੱਤਾ ਗਿਆ। ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਪ੍ਰਤੀ ਵਚਨਬੱਧ ਹੈ। ਉਧਰ ਅਸਾਮ ’ਚ ਅਦਾਲਤ ਦੇ ਹੁਕਮਾਂ ’ਤੇ ਮੋਬਾਈਲ ਇੰਟਰਨੈੱਟ ਸੇਵਾਵਾਂ 10 ਦਿਨਾਂ ਮਗਰੋਂ ਅੱਜ ਬਹਾਲ ਕਰ ਦਿੱਤੀਆਂ ਗਈਆਂ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਉਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਦੇ ਮੂਲ ਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਭਾਜਪਾ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਪ੍ਰਦਰਸ਼ਨਾਂ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਸਮਾਜ ਦੇ ਅਹਿਮ ਵਰਗ ’ਚ ਫ਼ੈਲੇ ਖ਼ਦਸ਼ਿਆਂ ਨੂੰ ਦੂਰ ਕਰਨ ’ਚ ਨਾਕਾਮ ਰਹੀ ਹੈ। ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਕਾਨੂੰਨ ਉਤੇ ਰਾਏਸ਼ੁਮਾਰੀ ਕਰਵਾਉਣ ਸਬੰਧੀ ਆਪਣੇ ਬਿਆਨ ਦੀ ਸਾਰੇ ਪਾਸਿਓਂ ਨਿੰਦਾ ਹੋਣ ਤੋਂ ਬਾਅਦ ਯੂ-ਟਰਨ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਮਤਲਬ ਨਿਰਪੱਖ ਮਾਹਰਾਂ ਦੀ ਨਿਗਰਾਨੀ ਹੇਠ ਸਰਵੇਖਣ ਕਰਵਾਉਣ ਤੋਂ ਸੀ। 

Radio Mirchi