ਯੂਪੀ ’ਚ ਮ੍ਰਿਤਕਾਂ ਦੀ ਗਿਣਤੀ 16 ਹੋਈ
ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਮੁਲਕ ’ਚ ਫੈਲਿਆ ਰੋਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਅਤੇ ਰਾਮਪੁਰ ’ਚ ਸ਼ਨਿਚਰਵਾਰ ਨੂੰ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਅਲੀਗੜ੍ਹ ਮੁਸਲਿਮ ਯੂਨੀਵਰਿਸਟੀ ’ਚ ਚਾਰ ਦਿਨਾਂ ਦੀ ਸ਼ਾਂਤੀ ਮਗਰੋਂ ਅੱਜ ਫਿਰ ਪ੍ਰਦਰਸ਼ਨ ਹੋਏ ਜਿਨ੍ਹਾਂ ’ਚ ਯੂਨੀਵਰਸਿਟੀ ਦੇ ਅਧਿਆਪਕ ਅਤੇ ਹੋਰ ਅਮਲਾ ਵੀ ਸ਼ਾਮਲ ਹੋਇਆ। ਪ੍ਰਦੇਸ਼ ’ਚ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਵਧੀਕੀਆਂ ਦੇ ਰੋਸ ਵਜੋਂ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ। ਲਖਨਊ ’ਚ ਇੰਟਰਨੈੱਟ ਸੇਵਾਵਾਂ ਸੋਮਵਾਰ ਤੱਕ ਰੋਕ ਕਰ ਦਿੱਤੀਆਂ ਗਈਆਂ ਹਨ। ਦਿੱਲੀ ’ਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਐਕਟ ਖ਼ਿਲਾਫ਼ ਅੱਜ ਵੀ ਜ਼ੋਰਦਾਰ ਮੁਜ਼ਾਹਰਾ ਹੋਇਆ। ਉੱਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਵੀਰਵਾਰ ਨੂੰ ਹਿੰਸਕ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਇਨ੍ਹਾਂ ’ਚ ਅੱਠ ਸਾਲ ਦਾ ਬੱਚਾ ਵੀ ਸ਼ਾਮਲ ਹੈ। ਆਈਜੀ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਨੇ ਦੱਸਿਆ ਕਿ 263 ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ 57 ਗੋਲੀਆਂ ਨਾਲ ਫੱਟੜ ਹੋਏ ਹਨ। ਡੀਜੀਪੀ ਓ ਪੀ ਸਿੰਘ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਨੂੰ ਪ੍ਰਦਰਸ਼ਨਕਾਰੀਆਂ ਨੇ ਢਾਲ ਵਜੋਂ ਵਰਤਿਆ ਅਤੇ ਪੁਲੀਸ ਨੇ ਕਿਸੇ ’ਤੇ ਗੋਲੀ ਨਹੀਂ ਚਲਾਈ ਹੈ। ਉਨ੍ਹਾਂ ਕਿਹਾ,‘‘ਸਾਰੀਆਂ ਮੌਤਾਂ ਦੁਵੱਲੀ ਫਾਇਰਿੰਗ ਦੌਰਾਨ ਹੋਈਆਂ ਹਨ ਅਤੇ ਪੋਸਟਮਾਰਟਮ ਮਗਰੋਂ ਇਹ ਸਪੱਸ਼ਟ ਹੋਵੇਗਾ। ਜੇਕਰ ਪੁਲੀਸ ਦੀ ਗੋਲੀ ਨਾਲ ਕਿਸੇ ਦੀ ਮੌਤ ਹੋਈ ਹੈ ਤਾਂ ਅਸੀਂ ਜੁਡੀਸ਼ਲ ਜਾਂਚ ਕਰਾ ਕੇ ਕਾਰਵਾਈ ਕਰਾਂਗੇ। ਪਰ ਸਾਡੇ ਵੱਲੋਂ ਅਜਿਹੀ ਕੋਈ ਫਾਇਰਿੰਗ ਨਹੀਂ ਹੋਈ ਹੈ।’’ ਉਨ੍ਹਾਂ ਕਿਹਾ ਕਿ 708 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾਂ ਮੁਤਾਬਕ ਪੁਲੀਸ ਨੂੰ 405 ਕਾਰਤੂਸਾਂ ਦੇ ਖੋਲ ਵੀ ਮਿਲੇ ਹਨ।
ਕਾਨਪੁਰ ’ਚ ਪ੍ਰਦਰਸ਼ਨਕਾਰੀਆਂ ਨੇ ਯਤੀਮਖ਼ਾਨਾ ਪੁਲੀਸ ਚੌਕੀ ਨੂੰ ਅੱਗ ਲਗਾ ਦਿੱਤੀ ਅਤੇ ਪਥਰਾਅ ਕੀਤਾ ਜਿਸ ਕਾਰਨ ਕੁਝ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਏਡੀਜੀ (ਕਾਨਪੁਰ) ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਆਰਏਐੱਫ ਨੂੰ ‘ਵੱਜਰ’ ਵਾਹਨਾਂ ਨਾਲ ਹਾਲਾਤ ਕਾਬੂ ਹੇਠ ਕਰਨ ਲਈ ਸੱਦਿਆ ਗਿਆ ਹੈ। ਸਮਾਜਵਾਦੀ ਪਾਰਟੀ ਦੇ ਵਿਧਾਇਕ ਅਮਿਤਾਭ ਬਾਜਪਾਈ ਅਤੇ ਸਾਬਕਾ ਵਿਧਾਇਕ ਕਮਲੇਸ਼ ਤਿਵਾੜੀ ਨੂੰ ਇਹਤਿਆਤ ਵਜੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਵਾਹਨ ਜ਼ਬਤ ਕਰ ਲਏ ਹਨ। ਅਧਿਕਾਰੀਆਂ ਮੁਤਾਬਕ ਬਾਬੂਪੁਰਵਾ, ਨਈ ਸੜਕ, ਮੂਲਗੰਜ, ਦਲੇਲਪੁਰਵਾ ਅਤੇ ਹਲੀਮ ਕਾਲਜ ਵਰਗੇ ਕਈ ਇਲਾਕਿਆਂ ’ਚ ਵੀ ਪ੍ਰਦਰਸ਼ਨ ਹੋਏ।
ਰਾਮਪੁਰ ’ਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਝੜਪਾਂ ਹੋਈਆਂ ਜਿਸ ਕਾਰਨ ਪੁਲੀਸ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਇਹਤਿਆਤ ਵਜੋਂ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਏ ਸਿੰਘ ਨੇ ਦੱਸਿਆ ਕਿ ਪੰਜ ਪ੍ਰਦਰਸ਼ਨਕਾਰੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਪਥਰਾਅ ਦੌਰਾਨ 12 ਤੋਂ 18 ਸਾਲ ਦੇ ਬੱਚਿਆਂ ਸਮੇਤ 12 ਪੁਲੀਸ ਕਰਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦਰਜਨ ਹੋਰ ਪ੍ਰਦਰਸ਼ਨਕਾਰੀ ਪੁਲੀਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਜ਼ਖ਼ਮੀ ਹੋ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਸ਼ੱਕ ਜਤਾਇਆ ਕਿ ਪ੍ਰਦਰਸ਼ਨਾਂ ’ਚ ਬਾਹਰੀ ਵਿਅਕਤੀਆਂ ਦੀ ਸ਼ਮੂਲੀਅਤ ਹੈ ਜਦਕਿ ਪੁਲੀਸ ਨੇ ਕਿਤੇ ਵੀ ਗੋਲੀਆਂ ਨਹੀਂ ਚਲਾਈਆਂ ਪਰ ਫਿਰ ਵੀ ਇਕ ਪ੍ਰਦਰਸ਼ਨਕਾਰੀ ਦੇ ਗੋਲੀਆਂ ਲੱਗੀਆਂ ਹਨ। ਰਾਮਪੁਰ ’ਚ ਐਕਟ ਖ਼ਿਲਾਫ਼ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਨੇ ਦਫ਼ਾ 144 ਲਾਗੂ ਕਰ ਦਿੱਤੀ ਸੀ।