ਯੈੱਸ ਬੈਂਕ ਸੰਕਟ: ਖਾਤਾਧਾਰਕ ਪੈਸੇ ਕਢਵਾਉਣ ਲਈ ਖੱਜਲ-ਖ਼ੁਆਰ

ਯੈੱਸ ਬੈਂਕ ਸੰਕਟ: ਖਾਤਾਧਾਰਕ ਪੈਸੇ ਕਢਵਾਉਣ ਲਈ ਖੱਜਲ-ਖ਼ੁਆਰ

ਵਿੱਤੀ ਸੰਕਟ ਦਾ ਸ਼ਿਕਾਰ ਯੈੱਸ ਬੈਂਕ ਦੇ ਸਹਿਮੇ ਹੋਏ ਗਾਹਕਾਂ ਦੀਆਂ ਅੱਜ ਬੈਂਕ ਦੇ ਵੱਖ-ਵੱਖ ਏਟੀਐੱਮਜ਼ ਅੱਗੇ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਹਾਲਾਂਕਿ ਇਸ ਦਾ ਕੋਈ ਫ਼ਾਇਦਾ ਉਨ੍ਹਾਂ ਨੂੰ ਨਹੀਂ ਹੋਇਆ ਕਿਉਂਕਿ ਬਹੁਤੀਆਂ ਮਸ਼ੀਨਾਂ ’ਚ ਪੈਸੇ ਹੀ ਨਹੀਂ ਸਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਇਸ ਪ੍ਰਾਈਵੇਟ ਬੈਂਕ ’ਤੇ ਪਾਬੰਦੀ ਲਾ ਦਿੱਤੀ ਹੈ ਤੇ ਤਿੰਨ ਅਪਰੈਲ ਤੱਕ ਸਿਰਫ਼ 50,000 ਰੁਪਏ ਹੀ ਕਢਵਾਏ ਜਾ ਸਕਦੇ ਹਨ। ਹਾਲਾਂਕਿ ਕੁਝ ਗਾਹਕਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਸ਼ਾਖਾਵਾਂ ’ਚ ਉਨ੍ਹਾਂ ਚੈੱਕ ਰਾਹੀਂ 50,000 ਰੁਪਏ ਕਢਵਾਏ ਹਨ। ਨੈੱਟ ਬੈਂਕਿੰਗ ਸੇਵਾਵਾਂ ਵੀ ਬੰਦ ਹਨ ਤੇ ਕੁਝ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਰੈਡਿਟ ਕਾਰਡ ਵੀ ਨਹੀਂ ਚੱਲ ਰਹੇ। ਆਰਬੀਆਈ ਨੇ ਇਕ ਸਾਬਕਾ ਐੱਸਬੀਆਈ ਅਧਿਕਾਰੀ ਨੂੰ ਪ੍ਰਾਈਵੇਟ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਕੇਂਦਰੀ ਦਿੱਲੀ ਵਿਚ ਕੁਝ ਗਾਹਕਾਂ ਨੇ ਕਿਹਾ ਕਿ ਚੈੱਕ ਰਾਹੀਂ ਉਨ੍ਹਾਂ ਨੂੰ 50,000 ਰੁਪਏ ਕਢਵਾਉਣ ਵਿਚ ਕੋਈ ਮੁਸ਼ਕਲ ਨਹੀਂ ਆਈ। ਗੋਲ ਮਾਰਕੀਟ ਸ਼ਾਖਾ ’ਚ ਇਕ ਗਾਹਕ ਨੇ ਚੈੱਕ ਰਾਹੀਂ ਪੈਸੇ ਕਢਵਾਏ ਜਦਕਿ ਗਾਜ਼ੀਆਬਾਦ ਦੇ ਏਟੀਐੱਮ ਤੋਂ ਲੋਕਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ। ਦਿੱਲੀ ਅਧਾਰਿਤ ਇਕ ਹੋਰ ਗਾਹਕ ਨੇ ਕਿਹਾ ਕਿ ਏਟੀਐੱਮ ’ਚੋਂ ਉਸ ਦੇ 3-4 ਹਜ਼ਾਰ ਰੁਪਏ ਹੀ ਨਿਕਲੇ ਹਨ। ਪਾਰਲੀਮੈਂਟ ਸਟ੍ਰੀਟ ’ਤੇ ਸਥਿਤ ਇਕ ਡਾਕ ਘਰ ਦੇ ਬਾਹਰ ਲਿਖਿਆ ਹੈ ‘ਯੈੱਸ ਬੈਂਕ ਦਾ ਕੋਈ ਵੀ ਚੈੱਕ ਆਰਬੀਆਈ ਦੇ ਅਗਲੇ ਹੁਕਮਾਂ ਤੱਕ ਕੈਸ਼ ਨਹੀਂ ਕੀਤਾ ਜਾਵੇਗਾ।’ ਕੁਝ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਯੈੱਸ ਬੈਂਕ ਦੇ ‘ਮੀਲ ਕਾਰਡ’ ਵੀ ਨਹੀਂ ਚੱਲ ਰਹੇ। ਛੋਟੇ ਕਾਰੋਬਾਰੀਆਂ ਲਈ ਅਦਾਇਗੀ ਸੇਵਾ ‘ਇੰਸਟਾਮੋਜੋ’ ਦੇ ਸੀਈਓ ਤੇ ਸਹਿ-ਸੰਸਥਾਪਕ ਸੰਪਦ ਸਵੈਨ ਨੇ ਕਿਹਾ ਕਿ ਜਿਨ੍ਹਾਂ ਵਪਾਰੀਆਂ ਦੇ ਯੈੱਸ ਬੈਂਕ ਖ਼ਾਤੇ ਹਨ, ਉਨ੍ਹਾਂ ਦੀ ਅਦਾਇਗੀ ਸਥਿਤੀ ਸਪੱਸ਼ਟ ਹੋਣ ਤੱਕ ਰੋਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਹੋਰ ਕਿਸੇ ਬੈਂਕ ਦਾ ਖ਼ਾਤਾ ਉਪਲੱਬਧ ਕਰਵਾਉਣ ਦਾ ਬਦਲ ਵੀ ਦਿੱਤਾ ਜਾ ਰਿਹਾ ਹੈ। ਬੈਂਕ ਦੇ ਆਰਬੀਆਈ ਵੱਲੋਂ ਥਾਪੇ ਪ੍ਰਸ਼ਾਸਕ ਪ੍ਰਸ਼ਾਂਤ ਕੁਮਾਰ ਭਰੋਸਾ ਦੇ ਚੁੱਕੇ ਹਨ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਖ਼ਾਤਾਧਾਰਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਕਦਮ ਚੁੱਕੇ ਜਾ ਰਹੇ ਹਨ, ਸਥਿਤੀ ਜਲਦੀ ਹੀ ਕਾਬੂ ਹੇਠ ਲਿਆਂਦੀ ਜਾਵੇਗੀ। ਯੈੱਸ ਬੈਂਕ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਉਪਲੱਬਧ ਹਨ, ਖ਼ਾਤਾਧਾਰਕ ਨੇੜਲੀ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਬੈਂਕ ਨੇ ਕਿਹਾ ਕਿ ਏਟੀਐੱਮ ਵੀ ਹੁਣ ਚੱਲ ਰਹੇ ਹਨ ਤੇ ਕੰਮਕਾਜੀ ਦਿਨ ਸੋਮਵਾਰ ਤੋਂ ਸ਼ਨਿਚਰਵਾਰ (ਸਵੇਰੇ 9 ਤੋਂ ਸ਼ਾਮ 8 ਵਜੇ ਤੱਕ) ਹਨ। ਯੈੱਸ ਬੈਂਕ ਦੇ ਸ਼ੇਅਰਾਂ ਵਿਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

Radio Mirchi