ਰਾਂਚੀ ਜਬਰ ਜਨਾਹ ਤੇ ਕਤਲ ਕੇਸ ’ਚ ਮੁੱਖ ਦੋਸ਼ੀ ਨੂੰ ਮੌਤ ਦੀ ਸਜ਼ਾ
ਤਿੰਨ ਸਾਲ ਪਹਿਲਾਂ 2016 ’ਚ 15 ਤੇ 16 ਦਸੰਬਰ ਦੀ ਦਰਮਿਆਨੀ ਰਾਤ ਨੂੰ ਦੀਪਾ ਟੋਲੀ ਇਲਾਕੇ ’ਚ ਇੰਜਨੀਅਰਿੰਗ ਦੀ ਇੱਕ ਵਿਦਿਆਰਥਣ ਨੂੰ ਜਬਰ ਜਨਾਹ ਮਗਰੋਂ ਸਾੜ ਕੇ ਮਾਰਨ ਵਾਲੇ ਮੁੱਖ ਦੋਸ਼ੀ ਰਾਹੁਲ ਰਾਜ ਨੂੰ ਇੱਕ ਮਹੀਨੇ ਦੀ ਅਦਾਲਤੀ ਸੁਣਵਾਈ ਤੋਂ ਬਾਅਦ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ।
ਸੀਬੀਆਈ ਦੀ ਏ.ਕੇ. ਮਿਸ਼ਰਾ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ’ਚ ਮੁੱਖ ਦੋਸ਼ੀ ਰਾਹੁਲ ਰਾਜ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ ਅਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਉਸ ਨੂੰ ਬੀਤੇ ਦਿਨ ਦੋਸ਼ੀ ਕਰਾਰ ਦਿੱਤਾ ਸੀ। ਸਾਲ 2016 ਦੇ ਇਹ ਮਾਮਲਾ 28 ਮਾਰਚ 2018 ਨੂੰ ਸੀਬੀਆਈ ਨੂੰ ਸੌਪਿਆ ਗਿਆ ਸੀ ਅਤੇ ਤਕਰੀਬਨ 15 ਮਹੀਨੇ ਦੀ ਜਾਂਚ ਮਗਰੋਂ ਸੀਬੀਆਈ ਨੇ ਜੂਨ 2019 ’ਚ ਇਸ ਮਾਮਲੇ ’ਚ ਰਾਹੁਲ ਰਾਜ ਨੂੰ ਲਖਨਊ ਤੋਂ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਰਾਹੁਲ ਲੰਮੇ ਸਮੇਂ ਤੋਂ ਅਪਰਾਧ ਦੀ ਦੁਨੀਆਂ ਨਾਲ ਜੁੜਿਆ ਹੋਇਆ ਸੀ ਅਤੇ ਇਸ ਘਟਨਾ ਤੋਂ ਬਾਅਦ ਲਖਨਊ ਭੱਜ ਗਿਆ ਸੀ। ਇਸ ਤੋਂ ਪਹਿਲਾਂ ਰਾਂਚੀ ਪੁਲੀਸ ਨੂੰ ਡੇਢ ਸਾਲ ਤੱਕ ਇਸ ਮਾਮਲੇ ’ਚ ਕੋਈ ਸੁਰਾਗ਼ ਨਹੀਂ ਮਿਲਿਆ ਸੀ ਜਿਸ ਕਾਰਨ ਉਸ ਦੀ ਕਾਫੀ ਬਦਨਾਮੀ ਹੋਈ ਸੀ। ਅਦਾਲਤ ਨੇ ਇਸ ਸਾਲ ਅਕਤੂਬਰ ਤੇ ਅਖੀਰ ’ਚ ਰਾਹੁਲ ਖ਼ਿਲਾਫ਼ ਦੋਸ਼ ਤੈਅ ਕੀਤੇ ਸੀ ਅਤੇ ਲਗਾਤਾਰ ਸੁਣਵਾਈ ਕਰਕੇ ਸਿਰਫ਼ ਇੱਕ ਮਹੀਨੇ ’ਚ 16 ਦਿਨਾਂ ਦੀ ਸੁਣਵਾਈ ਕਰਕੇ 30 ਗਵਾਹਾਂ ਭੁਗਤਾਏ ਅਤੇ ਬੀਤੇ ਦਿਨ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।