ਰਾਇਸ਼ੁਮਾਰੀ-2020: ਦਰਬਾਰ ਸਾਹਿਬ ਨੇੜੇ ਪੁਲੀਸ ਦੀ ਚੌਕਸੀ
ਵਿਦੇਸ਼ੀ ਸਿੱਖ ਜਥੇਬੰਦੀ ਸਿੱਖਜ਼ ਫਾਰ ਜਸਟਿਸ ਵਲੋਂ ਪੰਜਾਬ ਵਿਚ ‘ਰੈਫਰੰਡਮ 2020’ ਲਈ ਵੋਟਰ ਰਜਿਸਟਰੇਸ਼ਨ ਦਾ ਕੰਮ ਚਾਰ ਜੁਲਾਈ ਤੋਂ ਸ਼ੁਰੂ ਕਰਨ ਦੇ ਫੈਸਲੇ ਮਗਰੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਆਲੇ ਦੁਆਲੇ ਪੁਲੀਸ ਦੀ ਘੇਰਾਬੰਦੀ ਸਖਤ ਕਰ ਦਿੱਤੀ ਗਈ ਹੈ। ਇਸ ਪਾਸੇ ਆਉਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
ਕਰੋਨਾ ਸੰਕਟ ਦੇ ਚਲਦਿਆਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਸੰਗਤ ਨੂੰ ਵੀ ਗੁਰੂ ਘਰ ਆਉਣ ਤੋਂ ਰੋਕਿਆ ਜਾਂਦਾ ਸੀ ਪਰ ਜੂਨ ਮਹੀਨੇ ਵਿਚ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਣ ਦੀ ਖੁੱਲ੍ਹ ਦੇ ਦਿੱਤੀ ਗਈ ਸੀ। ਵੇਰਵਿਆਂ ਮੁਤਾਬਕ ਅੱਜ ਸਵੇਰ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਸਮੂਹ ਰਸਤਿਆਂ ਅਤੇ ਗਲੀਆਂ ਆਦਿ ਦੇ ਬਾਹਰ ਵੀ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਬੈਰੀਕੇਡ ਮੁੜ ਲਾ ਦਿੱਤੇ ਗਏ ਹਨ। ਇਸ ਮੌਕੇ ਸਾਦੇ ਕੱਪੜਿਆਂ ਵਿਚ ਪੁਲੀਸ ਜਵਾਨਾਂ ਵਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਪੁਲੀਸ ਅਧਿਕਾਰੀ ਇਸ ਮਾਮਲੇ ਵਿਚ ਚੁੱਪ ਹਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਖਜ਼ ਫਾਰ ਜਸਟਿਸ ਜਥੇਬੰਦੀ ਦੇ ਐਲਾਨ ਤੋਂ ਬਾਅਦ ਇਥੇ ਚੌਕਸੀ ਵਧਾਈ ਗਈ ਹੈ। ਜਥੇਬੰਦੀ ਵਲੋਂ ਪੰਜਾਬ ਵਿਚ ਰੈਫਰੰਡਮ ਲਈ ਚਾਰ ਜੁਲਾਈ ਦਾ ਸਮਾਂ ਇਸ ਲਈ ਰੱਖਿਆ ਗਿਆ ਹੈ ਕਿਉਂਕਿ 1955 ਵਿਚ ਇਸੇ ਦਿਨ ਹਰਿਮੰਦਰ ਸਾਹਿਬ ਸਮੂਹ ’ਤੇ ਪਹਿਲੀ ਵਾਰ ਭਾਰਤੀ ਹਕੂਮਤ ਵਲੋਂ ਕਾਰਵਾਈ ਕੀਤੀ ਗਈ ਸੀ।
ਦੂਜੇ ਪਾਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੀ ਭਲਕੇ ਟਾਸਕ ਫੋਰਸ ਨੂੰ ਵਧੇਰੇ ਚੌਕਸ ਕਰ ਸਕਦੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਚਾਰ ਜੁਲਾਈ ਨੂੰ ਜਥੇਬੰਦੀ ਨਾਲ ਸਬੰਧਤ ਕਾਰਕੁਨ ਇਸ ਸਬੰਧੀ ਅਰਦਾਸ ਕਰਨ ਆ ਸਕਦੇ ਹਨ।