ਰਾਜ ਸਭਾ: ਸੈਸ਼ਨ ਦੇ ਪਹਿਲੇ ਅੱਧ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ
ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਕਈ ਮੁੱਦਿਆਂ ਉੱਤੇ ਰੋਸ ਪ੍ਰਗਟ ਕਰਨ ਦੇ ਬਾਵਜੂਦ ਸਰਦ ਰੁੱਤ ਸੈਸ਼ਨ ਦੇ ਪਹਿਲੇ ਅੱਧ ਦੌਰਾਨ ਸਦਨ ਦੀ ਕਾਰਜਸ਼ੀਲਤਾ 89 ਫੀਸਦ ਰਹੀ ਹੈ।
ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਰਿਪੋਰਟ ਅਨੁਸਾਰ ਸੰਸਦ ਦੇ ਉਪਰਲੇ ਸਦਨ ਕੋਲ 55 ਘੰਟਿਆਂ ਤੋਂ ਵੱਧ ਦਾ ਸਮਾਂ ਕਾਰਵਾਈ ਲਈ ਸੀ ਅਤੇ ਇਸ ਵਿੱਚੋਂ 49 ਘੰਟਿਆਂ ਦੀ ਵਰਤੋਂ ਕੀਤੀ ਗਈ ਹੈ। ਬਾਕੀ ਦਾ ਸਮਾਂ ਵਿਰੋਧੀ ਮੈਂਬਰਾਂ ਵੱਲੋਂ ਰੋਸ ਪ੍ਰਗਟ ਕਰਨ ਲਈ ਅਤੇ ਸੰਸਦ ਦੀ ਕਾਰਵਾਈ ਵਿੱਚ ਅੜਿੱਕੇ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੰਘ ਗਿਆ। ਇਸ ਤਰ੍ਹਾਂ ਸੈਸ਼ਨ ਦੇ ਪਹਿਲੇ ਅੱਧ ਦੌਰਾਨ 5 ਘੰਟੇ 51 ਮਿੰਟ ਦਾ ਸਮਾਂ ਆਜਾਂਈ ਚਲੇ ਗਿਆ ਹੈ। ਇਸ ਦੌਰਾਨ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਸੋਧ ਬਿਲ ਸਮੇਤ ਤਿੰਨ ਬਿਲ ਲੋਕ ਸਭਾ ਵਿੱਚ ਪਾਸ ਕੀਤੇ ਗਏ ਹਨ। ਸਰਦ ਰੁੱਤ ਸੈਸ਼ਨ ਦੇ ਦੂਜੇ ਹਫ਼ਤੇ ਦੌਰਾਨ ਰਾਜ ਸਭਾ ਨੇ ਸਮਲਿੰਗੀਆਂ ਦੇ ਅਧਿਕਾਰਾਂ ਦੀ ਰੱਖਿਆਂ ਬਿਲ, ਚਿਟ ਫੰਡ ਸੋਧ ਬਿਲ ਪਾਸ ਕੀਤੇ ਹਨ ਅਤੇ ਈ ਸਿਗਰਟ ਉੱਤੇ ਪਾਬੰਦੀ ਲਾਉਣ ਲਈ ਆਰਡੀਨੈਂਸ ਲਿਆਉਣ ਸਬੰਧੀ ਚਰਚਾ ਕੀਤੀ ਹੈ। ਇਸ ਤਰ੍ਹਾਂ ਸੈਸ਼ਨ ਦੇ ਪਹਿਲੇ ਅੱਧ ਦੇ ਦੋ ਹਫ਼ਤਿਆਂ ਦੀ ਸੰਸਦ ਸਕੱਤਰੇਤ ਵੱਲੋਂ ਜਾਰੀ ਹੋਈ ਰਿਪੋਰਟ ਅਨੁਸਾਰ ਰਾਜਸਭਾ ਦੀ ਕਾਰਗੁਜ਼ਾਰੀ 89 ਫੀਸਦੀ ਰਹੀ ਹੈ। ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਭਾਪਤੀ ਵੈਂਕਈਆ ਨਾਇਡੂ ਨੇ ਮੈਂਬਰਾਂ ਦੀ ਸਹਿਯੋਗ ਲਈ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ ਹੈ।