ਰਾਜਸਥਾਨ: ਗਹਿਲੋਤ ਨਾਲ ਡਟੇ ਸੌ ਤੋਂ ਵੱਧ ਵਿਧਾਇਕ
ਕਾਂਗਰਸੀ ਵਿਧਾਇਕਾਂ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ’ਚ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਕਾਂਗਰਸੀ ਵਿਧਾਇਕ ਇਸ ਵੇਲੇ ਜੈਪੁਰ ਨੇੜੇ ਇਕ ਰਿਜ਼ੌਰਟ ’ਚ ਠਹਿਰੇ ਹੋਏ ਹਨ ਤੇ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਹੀ ਸਚਿਨ ਪਾਇਲਟ ਵੱਲ ਸੰਕੇਤ ਕੀਤਾ ਹੈ। ਕਿਸੇ ਨੇ ਵੀ ਸਿੱਧੇ ਤੌਰ ’ਤੇ ਬਾਗ਼ੀ ਹੋਏ ਕਾਂਗਰਸੀ ਆਗੂ ਦਾ ਨਾਂ ਨਹੀਂ ਲਿਆ। ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ ਮੌਕੇ ਸਵੀਕਾਰ ਕੀਤੇ ਗਏ ਮਤੇ ’ਚ ਇਸ ਗੱਲ ਉਤੇ ਸਹਿਮਤੀ ਬਣੀ ਕਿ ‘ਜੇ ਕੋਈ ਪਾਰਟੀ ਅਹੁਦੇਦਾਰ ਜਾਂ ਵਿਧਾਇਕ ਦਲ ਦਾ ਮੈਂਬਰ ਸਿੱਧੇ/ਅਸਿੱਧੇ ਤੌਰ ’ਤੇ ਪਾਰਟੀ ਜਾਂ ਸਰਕਾਰ ਨੂੰ ਕਮਜ਼ੋਰ ਕਰਨ ਲਈ ਕੋਈ ਕਦਮ ਚੁੱਕਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।’ ਹਾਲਾਂਕਿ ਮਤੇ ’ਚ ਪਾਇਲਟ ਦਾ ਨਾਂ ਨਹੀਂ ਲਿਆ ਗਿਆ ਜੋ ਕਿ ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਹਨ। ਸਚਿਨ ਪਾਇਲਟ ਨੇ ਪਹਿਲਾਂ ਹੀ ਬਿਆਨ ਦੇ ਕੇ ਸਾਫ਼ ਕਰ ਦਿੱਤਾ ਸੀ ਕਿ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਭਲਕੇ ਮੁੜ ਵਿਧਾਇਕ ਦਲ ਦੀ ਮੀਟਿੰਗ ਰੱਖੀ ਗਈ ਹੈ ਤੇ ਪਾਇਲਟ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਗਹਿਲੋਤ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿਚ ਕਿੰਨੇ ਵਿਧਾਇਕਾਂ ਨੇ ਹਿੱਸਾ ਲਿਆ, ਇਸ ਬਾਰੇ ਹਾਲੇ ਪੱਕੇ ਤੌਰ ’ਤੇ ਕੋਈ ਸੂਚਨਾ ਨਹੀਂ ਹੈ, ਪਰ ਪਾਰਟੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ 106 ਵਿਧਾਇਕ ਉੱਥੇ ਮੌਜੂਦ ਸਨ। ਜੇਕਰ ਇਹ ਜਾਣਕਾਰੀ ਸਹੀ ਹੈ ਤਾਂ ਸਰਕਾਰ ਡਿੱਗਣ ਦਾ ਖ਼ਤਰਾ ਫ਼ਿਲਹਾਲ ਟਲ ਗਿਆ ਹੈ, ਕਿਹਾ ਜਾ ਸਕਦਾ ਹੈ ਕਿ ਸੱਤਾਧਾਰੀ ਕਾਂਗਰਸ ਨੂੰ ਪਾਇਲਟ ਵੱਲੋਂ ਪੇਸ਼ ਕੀਤੀ ਚੁਣੌਤੀ ਤੋਂ ਤੁਰੰਤ ਕੋਈ ਨੁਕਸਾਨ ਹੋਣ ਤੋਂ ਬਚਾਅ ਹੈ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ 109 ਵਿਧਾਇਕ ਅਸ਼ੋਕ ਗਹਿਲੋਤ ਲਈ ਹਮਾਇਤ ਜ਼ਾਹਿਰ ਕਰ ਚੁੱਕੇ ਹਨ। ਪਾਇਲਟ ਨੇ ਦਾਅਵਾ ਕੀਤਾ ਸੀ ਕਿ ਗਹਿਲੋਤ ਸਰਕਾਰ ਕੋਲ ਬਹੁਮੱਤ ਹੁਣ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਰਾਜਸਥਾਨ ਦੀ 200 ਮੈਂਬਰੀ ਵਿਧਾਨ ਸਭਾ ਵਿਚ 107 ਕਾਂਗਰਸੀ ਵਿਧਾਇਕਾਂ ’ਚੋਂ 30 ਦਾ ਸਮਰਥਨ ਉਨ੍ਹਾਂ ਨੂੰ ਹਾਸਲ ਹੈ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹਾਲਾਂਕਿ ਪਾਇਲਟ ਦੇ ਨਜ਼ਦੀਕੀ ਕਰੀਬ ਸੱਤ ਵਿਧਾਇਕ ਨਜ਼ਰ ਨਹੀਂ ਆਏ। ਵਿਧਾਇਕ ਦਲ ਦੀ ਬੈਠਕ ’ਚ ਪਾਏ ਗਏ ਮਤੇ ’ਚ ਸਿਆਸੀ ਸੰਕਟ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਮੀਟਿੰਗ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਵੀ ਨਰਮ ਸੁਰ ’ਚ ਕਿਹਾ ਕਿ ‘ਪਾਇਲਟ ਤੇ ਹੋਰ ਵਿਧਾਇਕ ਵਿਧਾਇਕ ਦਲ ਦੀ ਬੈਠਕ ਦਾ ਹਿੱਸਾ ਬਣ ਸਕਦੇ ਹਨ। ਸਚਿਨ ਪਾਇਲਟ ਤੇ ਹੋਰਨਾਂ ਵਿਧਾਇਕਾਂ ਲਈ ਦਰਵਾਜ਼ੇ ਖੁੱਲ੍ਹੇ ਹਨ।’ ਉਨ੍ਹਾਂ ਕਿਹਾ ਕਿ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਨੇ ਪਿਛਲੇ 72 ਘੰਟਿਆਂ ’ਚ ਕਈ ਵਾਰ ਪਾਇਲਟ ਨਾਲ ਗੱਲਬਾਤ ਕੀਤੀ ਹੈ। ਕਾਂਗਰਸ ਨੇ ਸੁਰਜੇਵਾਲਾ ਤੇ ਅਜੈ ਮਾਕਨ ਨੂੰ ਸੱਤਾ ਲਈ ਚੱਲ ਰਹੀ ਰੱਸਾਕਸੀ ਦੇ ਮੱਦੇਨਜ਼ਰ ਵਿਧਾਇਕ ਦਲ ਦੀ ਮੀਟਿੰਗ ਦੇ ਨਿਗਰਾਨ ਵਜੋਂ ਜੈਪੁਰ ਭੇਜਿਆ ਸੀ। ਮੀਟਿੰਗ ਤੋਂ ਪਹਿਲਾਂ ਪਾਰਟੀ ਨੇ ਵਿਪ੍ਹ ਜਾਰੀ ਕੀਤਾ ਸੀ ਤੇ ਹਾਜ਼ਰ ਨਾ ਹੋਣ ਵਾਲਿਆਂ ਨੂੰ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਇਸੇ ਦੌਰਾਨ ਭਾਜਪਾ ਨੇ ਕਿਹਾ ਹੈ ਕਿ ਰਾਜਸਥਾਨ ਵਿਚ ਹੁਣ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੂੰ ਪਾਇਲਟ ਨੂੰ ਬਾਹਰੋਂ ਸਮਰਥਣ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ‘ਸਾਰੇ ਬਦਲ ਖੁੱਲ੍ਹੇ ਹਨ।’ ਸਥਿਤੀ ਦੇਖ ਕੇ ਫ਼ੈਸਲਾ ਲਿਆ ਜਾਵੇਗਾ।