ਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ 20 ਲੱਖ ਵਾਪਸ ਕਰਨ ’ਤੇ ਕੀ ਮੋਦੀ ਚੀਨ ਵੱਲੋਂ ਭਾਰਤੀ ਇਲਾਕਾ ਖਾਲੀ ਕਰਨ ਦਾ ਭਰੋਸਾ ਦੇਣਗੇ: ਚਿਦੰਬਰਮ

ਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ 20 ਲੱਖ ਵਾਪਸ ਕਰਨ ’ਤੇ ਕੀ ਮੋਦੀ ਚੀਨ ਵੱਲੋਂ ਭਾਰਤੀ ਇਲਾਕਾ ਖਾਲੀ ਕਰਨ ਦਾ ਭਰੋਸਾ ਦੇਣਗੇ: ਚਿਦੰਬਰਮ

ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਹੈ ਕਿ ਜੇਕਰ ਰਾਜੀਵ ਗਾਂਧੀ ਫਾਊਂਡੇਸ਼ਨ ਦਾਨ ਵਜੋਂ ਲਏ 20 ਲੱਖ ਰੁਪਏ ਵਾਪਸ ਕਰ ਦਿੰਦੀ ਹੈ ਤਾਂ ਕੀ ਉਹ ਇਹ ਗੱਲ ਯਕੀਨੀ ਬਣਾਉਣਗੇ ਕਿ ਚੀਨ ਭਾਰਤ ਦਾ ਇਲਾਕਾ ਖਾਲੀ ਕਰ ਦੇਵੇਗਾ ਤੇ ਸਰਹੱਦ ’ਤੇ ਪਹਿਲਾਂ ਵਾਲੀ ਸਥਿਤੀ ਕਾਇਮ ਹੋ ਜਾਵੇਗੀ? ਭਾਜਪਾ ਮੁਖੀ ਜੇ ਪੀ ਨੱਡਾ ਵੱਲੋਂ ਰਾਜੀਵ ਗਾਂਧੀ ਫਾਊਂਡੇਸ਼ਨ ’ਤੇ ਲਾਏ ਦੋਸ਼ਾਂ ਦਾ ਜੁਆਬ ਦਿੰਦਿਆਂ ਸ੍ਰੀ ਚਿਦੰਬਰਮ ਨੇ ਉਨ੍ਹਾਂ ’ਤੇ ‘ਅੱਧੇ ਸੱਚ’ ਦੱਸਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਅਸਲੀਅਤ ਨਾਲ ਵਾਹ ਰੱਖਣ ਤੇ ਭੂਤਕਾਲ ’ਚ ਨਾ ਜਿਊਣ ਲਈ ਕਿਹਾ। ਉਨ੍ਹਾਂ ਭਾਜਪਾ ਮੁਖੀ ਨੂੰ ਕਾਂਗਰਸ ਵੱਲੋਂ ਭਾਰਤੀ ਇਲਾਕੇ ’ਚ ਚੀਨ ਦੇ ਦਖ਼ਲ ਬਾਰੇ ਕਾਂਗਰਸ ਵੱਲੋਂ ਚੁੱਕੇ ਸਵਾਲਾਂ ਦਾ ਜੁਆਬ ਦੇਣ ਲਈ ਵੀ ਕਿਹਾ। ਇਸ ਦੌਰਾਨ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਵੱਲੋਂ ਭਾਰਤ ਦੇ ਇਲਾਕੇ ’ਚ ਸ਼ਰ੍ਹੇਆਮ ਕੀਤੀ ਗਈ ਘੁਸਪੈਠ ਲਈ ਇਸਦੀ ਜਨਤਕ ਤੌਰ ’ਤੇ ਨਿਖੇਧੀ ਕਰਨ ਤੇ ਸਰਕਾਰ ਨੂੰ ਅਸਲ ਕੰਟਰੋਲ ਰੇਖਾ ਦਾ ਮੁੱਦਾ ਹੱਲ ਕਰਨ ਲਈ ਮਜ਼ਬੂਤ ਤੇ ਤੁਰੰਤ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਇੱਕ ਵਰਚੁਅਲ ਮੀਡੀਆ ਕਾਨਫਰੰਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਸੰਬੋਧਨ ਕਰਨਾ ਚਾਹੀਦਾ ਹੈ ਤੇ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਜੇਕਰ ਕੋਈ ਭਾਰਤੀ ਇਲਾਕੇ ’ਤੇ ਕਬਜ਼ਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

Radio Mirchi