ਰਾਣਾ ਸੋਢੀ ਨੂੰ ਕੈਪਟਨ ਦੇ ਕਾਫ਼ਲੇ ਦੀ ਗੱਡੀ ’ਚ ਬੈਠਣ ਤੋਂ ਰੋਕਿਆ
ਲੰਬੀ-ਜਲਾਲਾਬਾਦ ਹਲਕੇ ’ਚ ਚੋਣ ਪ੍ਰਚਾਰ ਲਈ ਲੰਬੀ ਇਲਾਕੇ ਦੇ ਪਿੰਡ ਮੋਹਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਵਾਨਾ ਹੋਣ ਮੌਕੇ ਸਥਿਤੀ ਉਦੋਂ ਹੈਰਾਨੀਜਨਕ ਬਣ ਗਈ ਜਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਦੀ ਸਰਕਾਰੀ ਗੱਡੀ ’ਚ ਬੈਠਣ ਤੋਂ ਰੋਕ ਦਿੱਤਾ ਗਿਆ। ਗੱਡੀ ਨੂੰ ਕਾਫ਼ਲੇ ਵਿਚ ਵੀ ਨਹੀਂ ਲੱਗਣ ਦਿੱਤਾ ਗਿਆ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਇਸ ਮੌਕੇ ਖੇਡ ਮੰਤਰੀ ਸੋਢੀ ਅੱਗੇ ਅੜਿੱਕਾ ਬਣ ਗਏ ਤੇ ਕਾਫ਼ਲੇ ਦੀ ਗੱਡੀ ਨੰਬਰ-1 ’ਚ ਬੈਠਣ ਦੀ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੀ ਇੱਕ ਨਾ ਚੱਲੀ। ਸੂਬੇ ਦੀਆਂ ਤਾਕਵਰ ਸ਼ਖ਼ਸੀਅਤਾਂ ਵਿਚ ਸ਼ੁਮਾਰ ਤੇ ਕੈਪਟਨ ਦੇ ਨੇੜੇ ਮੰਨੇ ਜਾਂਦੇ ਖੇਡ ਮੰਤਰੀ ਸੋਢੀ ਇਸ ਦੌਰਾਨ ਜਨਤਕ ਤੌਰ ’ਤੇ ਸੜਕ ਉਤੇ ਬੇਵੱਸ ਨਜ਼ਰ ਆਏ। ਸਮੁੱਚਾ ਮਾਮਲਾ ਕਾਫ਼ਲੇ ਦੀ ਗੱਡੀ ਨੰਬਰ-2 ’ਚ ਬੈਠੇ ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ, ਪਰ ਉਨ੍ਹਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਘਟਨਾਕ੍ਰਮ ਨੂੰ ਕੈਪਟਨ ਸਰਕਾਰ ਦੇ ਅੰਦਰੂਨੀ ਕਾਟੋ-ਕਲੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸਿਆਸੀ ਸੁੂਤਰਾਂ ਅਨੁਸਾਰ ਜਲਾਲਾਬਾਦ ਹਲਕੇ ਬਾਰੇ ਕੁਝ ਅੰਦਰੂਨੀ ਰਿਪੋਰਟਾਂ ਮਿਲਣ ਤੋਂ ਬਾਅਦ ਮਾਹੌਲ ਦਰੁਸਤ ਕਰਨ ਲਈ ਅਜਿਹੀ ਸਖ਼ਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦਾ ਹੈਲੀਕਾਪਟਰ ਅੱਜ ਕਰੀਬ ਸਾਢੇ 11 ਵਜੇ ਹੈਲੀਕਾਪਟਰ ਰਾਹੀਂ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ’ਚ ਉਤਰਿਆ ਜਿੱਥੋਂ ਉੁਨ੍ਹਾਂ ਸੜਕ ਰਸਤੇ ਜਲਾਲਾਬਾਦ ਜਾਣਾ ਸੀ। ਸਰਕਾਰੀ ਸਕੂਲ ’ਚ ਕੁਝ ਸਮਾਂ ਰੁਕਣ ਉਪਰੰਤ ਮੁੱਖ ਮੰਤਰੀ ਦਾ ਕਾਫ਼ਲਾ ਆਪਣੀ ਮੰਜ਼ਿਲ ਵੱਲ ਤੁਰ ਪਿਆ। 1.15 ਮਿੰਟ ਦੀ ਵਾਇਰਲ ਹੋਈ ਵੀਡੀਓ ’ਚ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਸਰਕਾਰੀ ਹਾਈ ਸਕੂਲ ਅੱਗੇ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ। ਮੁੱਖ ਮੰਤਰੀ ਦੇ ਕਾਫ਼ਲੇ ਦੀ ਗੱਡੀ ਨੰਬਰ ਇਕ ਦੀ ਪਿਛਲੀ ਤਾਕੀ ਖੋਲ੍ਹ ਬੈਠਣ ਲਈ ਤਿਆਰ ਸੋਢੀ ਮੁੱਖ ਸੁਰੱਖਿਆ ਸਲਾਹਾਕਾਰ ਖੂਬੀ ਰਾਮ ਨੂੰ ਰੋਸ ਭਰੇ ਲਹਿਜ਼ੇ ’ਚ ਕਹਿੰਦੇ ਸੁਣਾਈ ਦਿੰਦੇ ਹਨ ਕਿ ‘ਗੱਡੀ ਲਗਵਾਓ ਫੇਰ ਮੇਰੀ ਕਾਨਵਾਈ ਵਿੱਚ, ਨਹੀਂ ਤਾਂ, ਮੈਂ ਨਹੀਂ ਜਾਵਾਂਗਾ।’ ਇਸ ’ਤੇ ਖੂਬੀ ਰਾਮ ਆਖਦੇ ਹਨ ਕਿ ‘ਨਹੀਂ ਲੱਗੇਗੀ, ਸਰ, ਮੇਰੀ ਗੱਲ ਸੁਣੋ।’ ਰਾਣਾ ਸੋਢੀ ਇਤਰਾਜ਼ ਜਤਾਉਂਦੇ ਹਨ ਤਾਂ ਮੁੜ ਖੂਬੀ ਰਾਮ ਆਖਦੇ ਹਨ ‘ਆਪ ਬੱਸ ਤੱਕ ਆਓ, ਇਹ ਸਰਕਾਰੀ ਗੱਡੀ ਹੈ, ਬੱਸ ਵਿਚ ਬੈਠ ਜਾਣਾ, ਆਪਣੀ ਗੱਡੀ ਵਿਚ। ਇਸੇ ਵਿਚਕਾਰ ਵਿਧਾਇਕ ਰਾਜਾ ਵੜਿੰਗ ਵੀ ਰਾਣੀ ਸੋਢੀ ਲਈ ਹਾਅ ਦਾ ਨਾਅਰਾ ਮਾਰਨ ਲਈ ਪੁੱਜ ਜਾਂਦੇ ਹਨ ਅਤੇ ਖੂਬੀ ਰਾਮ ਵੱਲੋਂ ਨਾਂਹ ਸੁਣਨ ’ਤੇ ‘ਦਿਸ ਇਜ਼ ਨਾਟ ਰਾਈਟ’ ਕਹਿ ਕੇ ਚਲੇ ਜਾਂਦੇ ਹਨ। ਫੇਰ ਖੂਬੀ ਰਾਮ, ਸੋਢੀ ਨੂੰ ਆਖਦੇ ਹਨ ਕਿ ‘ਜ਼ਿੱਦ ਨਾ ਕਰੋ, ਮੈਂ ਉਨ੍ਹਾਂ ਨੂੰ ਦੱਸ ਦਿਆਂਗਾ।’ ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਸੋਢੀ ਆਪਣੀ ਗੱਡੀ ਦੀ ਉਡੀਕ ਕਰਨ ਲੱਗਦੇ ਹਨ ਅਤੇ ਮੁੱਖ ਮੰਤਰੀ ਦੀ ਗੱਡੀ ਸੋਢੀ ਦੇ ਸਾਹਮਣਿਓਂ ਲੰਘਦੀ ਹੈ। ਘਟਨਾਕ੍ਰਮ ਬਾਰੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।