ਰਾਮ ਮੰਦਰ ਉਸਾਰੀ ਲਈ ਟਰੱਸਟ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ‘ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ’ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿੱਚ ਯਾਦਗਾਰੀ ਫੈਸਲਾ ਦਿੰਦਿਆਂ ਰਾਮ ਮੰਦਿਰ ਦੀ ਉਸਾਰੀ ਲਈ ਤਿੰਨ ਮਹੀਨਿਆਂ ਅੰਦਰ ਟਰੱਸਟ ਬਣਾਉਣ ਦੀ ਹਦਾਇਤ ਕੀਤੀ ਸੀ। ਇਹ ਮਿਆਦ 9 ਫਰਵਰੀ ਨੂੰ ਖ਼ਤਮ ਹੋ ਰਹੀ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟਵੀਟ ਵਿੱਚ ਕਿਹਾ ਕਿ ਟਰੱਸਟ ਵਿੱਚ ਕੁੱਲ 15 ਟਰੱਸਟੀ ਹੋਣਗੇ, ਜਿਨ੍ਹਾਂ ਵਿੱਚੋਂ ਇਕ ਦਲਿਤ ਭਾਈਚਾਰੇ ਨਾਲ ਸਬੰਧਤ ਹੋਵੇਗਾ। ਸ੍ਰੀ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਜਿਹੇ ਇਤਿਹਾਸਕ ਫੈਸਲੇ’ ਨਾਲ ‘ਸਮਾਜਿਕ ਇਕਸੁਰਤਾ’ ਮਜ਼ਬੂਤ ਹੋਵੇਗੀ। ਉਧਰ ਯੂਪੀ ਸਰਕਾਰ ਦੇ ਤਰਜਮਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਯੂਪੀ ਸੁੰਨੀ ਵਕਫ਼ ਬੋਰਡ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਜਾਣੀ ਹੈ, ਉਹ ਫ਼ੈਜ਼ਾਬਾਦ ਜ਼ਿਲ੍ਹਾ ਸਦਰਮੁਕਾਮ ਤੋਂ ਲਗਪਗ 18 ਕਿਲੋਮੀਟਰ ਦੂਰ ਲਖਨਊ ਹਾਈਵੇਅ ’ਤੇ ਧੰਨੀਪੁਰ ਪਿੰਡ ਵਿੱਚ ਹੈ।
ਸ੍ਰੀ ਮੋਦੀ ਨੇ ਕੈਬਨਿਟ ਮੀਟਿੰਗ ਤੋਂ ਫੌਰੀ ਮਗਰੋਂ ਲੋਕ ਸਭਾ ਵਿੱਚ ਇਕ ਬਿਆਨ ਦਿੰਦਿਆਂ ਕਿਹਾ, ‘ਅਸੀਂ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਲਈ ਇਕ ਸਕੀਮ ਤਿਆਰ ਕੀਤੀ ਹੈ। ਇਕ ਟਰੱਸਟ ਬਣਾਇਆ ਗਿਆ ਹੈ, ਜਿਸ ਦਾ ਨਾਮ ‘ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ’ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ ਚਲਦਾ ਹੋਣ ਕਰਕੇ ਸਰਕਾਰ ਨੇ ਕੈਬਨਿਟ ਦੇ ਇਸ ਅਹਿਮ ਫੈਸਲੇ ਬਾਰੇ ਸਦਨ ਨੂੰ ਜਾਣਕਾਰੀ ਦੇਣ ਦਾ ਫੈਸਲਾ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਰਾਮ ਜਨਮਭੂਮੀ ਮੁੱਦੇ ’ਤੇ ਫੈਸਲਾ ਆਉਣ ਮਗਰੋਂ ਦੇਸ਼ ਦੇ ਲੋਕਾਂ ਨੇ ਜਮਹੂਰੀ ਅਮਲ ਤੇ ਕਾਰਜਵਿਧੀ ਵਿੱਚ ਅਸਧਾਰਨ ਭਰੋਸਾ ਵਿਖਾਇਆ ਸੀ। ਉਨ੍ਹਾਂ ਕਿਹਾ, ‘ਮੈਂ ਭਾਰਤ ਦੇ 130 ਕਰੋੜ ਲੋਕਾਂ ਨੂੰ ਸਲਾਮ ਕਰਦਾ ਹਾਂ। ਆਓ ਅਸੀਂ ਸਾਰੇ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਿਰ ਦੇ ਨਿਰਮਾਣ ਦੀ ਹਮਾਇਤ ਕਰੀਏ।’ ਇਸ ਦੌਰਾਨ ਸੱਤਾਧਾਰੀ ਧਿਰ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾਉਣ ਦੇ ਨਾਲ ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲਾਏ। ਸ੍ਰੀ ਮੋਦੀ ਨੇ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਪਾਰਸੀ ਜਾਂ ਜੈਨ ਸਾਰੇ ਇਕੋ ‘ਮੋਕਲੇ ਪਰਿਵਾਰ’ ਦਾ ਹਿੱਸਾ ਹਨ। ਉਨ੍ਹਾਂ ਕਿਹਾ, ‘ਪਰਿਵਾਰ ਦੇ ਹਰੇਕ ਮੈਂਬਰ ਦਾ ਵਿਕਾਸ ਜ਼ਰੂਰੀ ਹੈ। ਸਾਡੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਵ ਨਾਲ ਅੱਗੇ ਵਧ ਰਹੀ ਹੈ, ਤਾਂ ਕਿ ਹਰ ਕੋਈ ਖ਼ੁਸ਼ ਰਹੇ।’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਦਨ ਵਿੱਚ ਕੀਤੇ ਜਾਣ ਵਾਲੇ ਐਲਾਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਦੋ ਵਾਰ ‘ਆਈ ਆਈ’ ਕਿਹਾ। ਉਨ੍ਹਾਂ ਸਦਨ ਵਿੱਚ ਮੌਜੂਦ ਸਾਰੇ ਮੈਂਬਰਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਇਕਸੁਰ ਨਾਲ ਰਾਮ ਮੰਦਿਰ ਦੇ ਨਿਰਮਾਣ ਦੀ ਹਮਾਇਤ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ ਟਰੱਸਟ ਨੂੰ 67.703 ਏਕੜ ਜ਼ਮੀਨ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਯੂਪੀ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਦੇਣ ਲਈ ਵੀ ਸਹਿਮਤੀ ਦੇ ਦਿੱਤੀ ਹੈ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਘੰਟੇ ਕੁ ਬਾਅਦ ਕੀਤੇ ਟਵੀਟ ਵਿੱਚ ਟਰੱਸਟ ਦੀ ਬਣਤਰ ਬਾਰੇ ਚਾਨਣਾ ਪਾਇਆ। ਸ਼ਾਹ ਨੇ ਕਿਹਾ ਕਿ ਟਰੱਸਟ ਵਿੱਚ ਕੁੱਲ 16 ਟਰੱਸਟੀ ਹੋਣਗੇ, ਜਿਨ੍ਹਾਂ ਵਿੱਚੋਂ ਇਕ ਦਲਿਤ ਭਾਈਚਾਰੇ ਦਾ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਟਰੱਸਟ ਮੰਦਿਰ ਨਾਲ ਸਬੰਧਤ ਕੋਈ ਵੀ ਫੈਸਲਾ ਲੈਣ ਲਈ ਆਜ਼ਾਦ ਹੋਵੇਗਾ ਤੇ ਅਯੁੱਧਿਆ ਵਿੱਚ 67 ਏਕੜ ਜ਼ਮੀਨ ਇਸ (ਟਰੱਸਟ) ਨੂੰ ਤਬਦੀਲ ਕਰ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰਾਮ ਮੰਦਿਰ ਦੇ ਨਿਰਮਾਣ ਲਈ ਬਣੇ ਟਰੱਸਟ ਦਾ ਦਫ਼ਤਰ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਹੋਵੇਗਾ। ਟਰੱਸਟ ਦੇ ਪੰਜੀਕ੍ਰਿਤ ਦਫ਼ਤਰ ਦਾ ਸਿਰਨਾਵਾਂ ਆਰ-20, ਗ੍ਰੇਟਰ ਕੈਲਾਸ਼ ਪਾਰਟ-1, ਨਵੀਂ ਦਿੱਲੀ 1100048 ਹੋਵੇਗਾ। ਫੈਜ਼ਾਬਾਦ ਦੇ ਕਮਿਸ਼ਨਰ ਐੱਮ ਪੀ ਅਗਰਵਾਲ ਨੇ ਅਯੁੱਧਿਆ ਵਿੱਚ ਰਾਮ ਜਨਮਭੂਮੀ ਦੇ ਰਿਸੀਵਰ ਦੀ ਜ਼ਿੰਮੇਵਾਰੀ ਟਰੱਸਟ ਦੇ ਮੈਂਬਰ ਰਾਜਾ ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਨੂੰ ਸੌਂਪ ਦਿੱਤੀ ਹੈ।