ਰਾਹੁਲ ਤੇ ਪ੍ਰਿਯੰਕਾ ਲੋਕਾਂ ਨੂੰ ਗੁੰਮਰਾਹ ਕਰਕੇ ਦੰਗੇ ਭੜਕਾ ਰਹੇ ਨੇ: ਸ਼ਾਹ

ਰਾਹੁਲ ਤੇ ਪ੍ਰਿਯੰਕਾ ਲੋਕਾਂ ਨੂੰ ਗੁੰਮਰਾਹ ਕਰਕੇ ਦੰਗੇ ਭੜਕਾ ਰਹੇ ਨੇ: ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗਰਸ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਉਹ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਬਾਰੇ ਲੋਕਾਂ ਨੂੰ ‘ਗੁੰਮਰਾਹ’ ਕਰਕੇ ਦੰਗੇ ਭੜਕਾ ਰਹੇ ਹਨ। ਸ੍ਰੀ ਸ਼ਾਹ ਨੇ ਮੁਸਲਮਾਨਾਂ ਨੂੰ ਭਰੋਸਾ ਦਿਵਾਇਆ ਕਿ ਘੱਟ ਗਿਣਤੀਆਂ ਦੀ ਨਾਗਰਿਕਤਾ ਨਹੀਂ ਖੋਹੀ ਜਾਵੇਗੀ। ਸ੍ਰੀ ਸ਼ਾਹ ਨੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਖਾਂ ’ਚ ‘ਖ਼ੌਫ਼’ ਪੈਦਾ ਕਰਨ ਲਈ ਪਾਕਿਸਤਾਨ ’ਤੇ ਹਮਲਾ ਬੋਲਿਆ। ਉਨ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਨੂੰ ਗੁਆਂਢੀ ਮੁਲਕ ’ਚ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੀਆਂ ਵਧੀਕੀਆਂ ਬਾਰੇ ਆਪਣੀਆਂ ਅੱਖਾਂ ਖੋਲ੍ਹਣ ਲਈ ਕਿਹਾ। ਸ੍ਰੀ ਸ਼ਾਹ ਨੇ ਕਿਹਾ,‘‘ਸੀਏਏ ਦਾ ਵਿਰੋਧ ਕਰ ਰਹੇ ਲੋਕ ਹੁਣ ਜਵਾਬ ਦੇਣ। ਗੁਰਦੁਆਰਾ ਨਨਕਾਣਾ ਸਾਹਿਬ ’ਚ ਹਮਲੇ ਦਾ ਸ਼ਿਕਾਰ ਬਣੇ ਸਿੱਖ ਭਾਰਤ ਨਹੀਂ ਆਉਣਗੇ ਤਾਂ ਕਿੱਥੇ ਜਾਣਗੇ?’’ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ 1984 ’ਚ ਬਹੁਤ ਸਾਰੇ ਸਿੱਖ ਭਰਾ-ਭੈਣਾਂ ਦਾ ਕਤਲੇਆਮ ਕੀਤਾ ਗਿਆ ਸੀ। ਕਾਂਗਰਸ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਜ਼ਖ਼ਮਾਂ ਦਾ ਇਲਾਜ ਨਹੀਂ ਕੀਤਾ। ਮੋਦੀ ਸਰਕਾਰ ਨੇ ਹਰੇਕ ਪੀੜਤ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਹੈ ਤੇ ਉਨ੍ਹਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਹੋਰ ਦਲਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਤੇ 35ਏ, ਤੀਹਰੇ ਤਲਾਕ, ਰਾਮ ਮੰਦਰ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ, ਉੜੀ ਅਤੇ ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਦਾ ਬਦਲਾ ਲੈਣ ਲਈ ਕੀਤੀ ਸਰਜੀਕਲ ਸਟਰਾਈਕ ਤੇ ਹਵਾਈ ਹਮਲਿਆਂ ਬਾਰੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਆਖਦੇ ਹਨ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਐਨਯੂ ’ਚ ਦੇਸ਼-ਧਰੋਹ ਦੇ ਮਾਮਲੇ ਵਿੱਚ ਕੇਜਰੀਵਾਲ ਸਰਕਾਰ ਮੁਕੱਦਮਾ ਚਲਾਉਣ ਦੀ ਆਗਿਆ ਨਾ ਦੇ ਕੇ ਨਾਅਰੇ ਲਾਉਣ ਵਾਲਿਆਂ ਨੂੰ ਬਚਾ ਰਹੀ ਹੈ। ਉਨ੍ਹਾਂ ਭਾਜਪਾ ਕਾਰਕੁਨਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਚੋਣਾਂ ਬੋਰਡਾਂ, ਪੋਸਟਰਾਂ ਤੇ ਰੈਲੀਆਂ ਨਾਲ ਨਹੀਂ ਜਿੱਤੀ ਜਾਂਦੀ ਸਗੋਂ ਉਨ੍ਹਾਂ ਨੂੰ ਘਰ-ਘਰ ਜਾ ਕੇ ਮੋਦੀ ਸਰਕਾਰ ਦੇ ਕੰਮਾਂ ਤੇ ਕੇਜਰੀਵਾਲ ਸਰਕਾਰ ਦੇ ਧੋਖੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਭਾਜਪਾ ਪ੍ਰਧਾਨ ਨੇ ਕੇਜਰੀਵਾਲ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਉਨ੍ਹਾਂ ਕੁਝ ਨਹੀਂ ਕੀਤਾ। ਉਨ੍ਹਾਂ ਕੇਜਰੀਵਾਲ ਸਰਕਾਰ ਤੇ ਆਯੂਸ਼ਮਾਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਗੂ ਕਰਨ ਵਿੱਚ ਅੜਿੱਕੇ ਪਾਉਣ ਦੇ ਦੋਸ਼ ਵੀ ਲਾਏ।
ਇਸ ਦੌਰਾਨ ਸ੍ਰੀ ਸ਼ਾਹ ਨੇ ਲਾਜਪਤ ਨਗਰ ’ਚ ਘਰ ਘਰ ਜਾ ਕੇ ਲੋਕਾਂ ਨੂੰ ਸੀਏਏ ਬਾਰੇ ਜਾਣਕਾਰੀ ਦਿੱਤੀ। ਲੋਕਾਂ ਨੂੰ ਸੀਏਏ ਬਾਰੇ ਜਾਗਰੂਕ ਕਰਨ ਵਾਲੇ ਪਰਚੇ ਵੀ ਵੰਡੇ ਗਏ ਹਨ। ਭਾਜਪਾ ਨੇ 10 ਦਿਨ ਦੀ ‘ਜਨ ਜਾਗਰਣ’ ਮੁਹਿੰਮ ਆਰੰਭੀ ਹੈ, ਜਿਸ ਤਹਿਤ ਤਿੰਨ ਕਰੋੜ ਪਰਿਵਾਰਾਂ ਨੂੰ ਸੀਏਏ ਦੀ ਅਹਿਮੀਅਤ ਅਤੇ ਵਿਰੋਧੀ ਧਿਰਾਂ ਦੇ ਕੂੜ ਪ੍ਰਚਾਰ ਬਾਰੇ ਜਾਗਰੂਕ ਕੀਤਾ ਜਾਵੇਗਾ।

Radio Mirchi