ਰਾਹੁਲ ਦੀਆਂ ਟਿੱਪਣੀਆਂ ਤੋਂ ਲੋਕ ਸਭਾ ਵਿੱਚ ਹੰਗਾਮਾ
ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਝਾਰਖੰਡ ਵਿੱਚ ਚੋਣ ਰੈਲੀ ਦੌਰਾਨ ਮੋਦੀ ਸਰਕਾਰ ਬਾਰੇ ਕੀਤੀ ਸਖ਼ਤ ਟਿੱਪਣੀ ‘ਰੇਪ ਇਨ ਇੰਡੀਆ’ ਵਿਰੁਧ ਅੱਜ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਤੋਂ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹੇ ਆਗੂਆਂ ਨੂੰ ਸੰਸਦ ਵਿੱਚ ਹੋਣ ਦਾ ‘ਨੈਤਿਕ ਹੱਕ’ ਨਹੀਂ ਹੈ। ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਪਾਰਟੀ ਮੈਂਬਰਾਂ ਵਲੋਂ ਸਦਨ ’ਚ ਕੀਤੇ ਗਏ ਪ੍ਰਦਰਸ਼ਨ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ ਨਹੀਂ ਚੱਲ ਸਕੀ, ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ ਦੋ ਵਾਰ ਲੋਕ ਸਭਾ ਦੀ ਕਾਰਵਾਈ ਰੋਕਣੀ ਪਈ। ਰੌਲੇ-ਰੱਪੇ ਦੌਰਾਨ ਡੀਐੱਮਕੇ ਦੀ ਕਾਨੀਮੋੜੀ ਨੇ ਗਾਂਧੀ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਟਿੱਪਣੀਆਂ ਸਦਨ ਵਿੱਚ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ (ਗਾਂਧੀ) ਦੇਸ਼ ਵਿੱਚ ਵਾਪਰ ਰਹੀਆਂ ਸਰੀਰਕ ਸ਼ੋਸ਼ਣ ਅਤੇ ਹਿੰਸਾ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰ ਰਹੇ ਸਨ। ਕਾਂਗਰਸ ਦੇ ਮੈਂਬਰਾਂ ਨੇ ਵੀ ਆਪਣੀਆਂ ਸੀਟਾਂ ਤੋਂ ਉੱਠ ਕੇ ਪ੍ਰਦਰਸ਼ਨ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵਲੋਂ ਕਨੀਮੋੜੀ ਨੂੰ ਗਾਂਧੀ ਦੀਆਂ ਟਿੱਪਣੀਆਂ ਬਾਰੇ ਉਨ੍ਹਾਂ ਦੀ ਰਾਇ ਪੁੱਛੇ ਜਾਣ ਮਗਰੋਂ ਉਨ੍ਹਾਂ ਰਾਹੁਲ ਦਾ ਬਚਾਅ ਕੀਤਾ। ਜੋਸ਼ੀ ਨੇ ਕਨੀਮੋੜੀ ਦੇ ਜਵਾਬ ਨੂੰ ‘ਮੰਦਭਾਗਾ’ ਕਰਾਰ ਦਿੱਤਾ।
ਦੱਸਣਯੋਗ ਹੈ ਕਿ ਗਾਂਧੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਮੇਕ ਇਨ ਇੰਡੀਆ’ ਦਾ ਵਾਅਦਾ ਕੀਤਾ ਗਿਆ ਸੀ ਪਰ ‘ਤੁਸੀਂ ਜਿੱਧਰ ਵੀ ਦੇਖੋ, ਤੁਹਾਨੂੰ ‘ਰੇਪ ਇੰਨ ਇੰਡੀਆ’ ਦਿਖਾਈ ਦਿੰਦਾ ਹੈ’। ਲੋਕ ਸਭਾ ਵਿੱਚ ਹੰਗਾਮੇ ਤੋਂ ਬਾਅਦ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਅਗਵਾਈ ਹੇਠ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।