ਰੂਸ ’ਚ ਫਸੇ ਪੰਜਾਬੀਆਂ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਾਬੂ

ਰੂਸ ’ਚ ਫਸੇ ਪੰਜਾਬੀਆਂ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਾਬੂ

ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨਾਂ ਦੇ ਮਾਮਲੇ ’ਚ ਅੱਜ ਪੁਲੀਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੁੱਖ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਕੋਟਭਾਈ ਮੁਕਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰੂਸ ’ਚ ਕੁੱਝ ਸਾਲ ਪਹਿਲਾਂ ਨੌਕਰੀ ਕਰਨ ਗਿਆ ਸੀ ਅਤੇ ਉੱਥੇ ਕੰਪਨੀ ਨੂੰ ਵਿਅਕਤੀ ਦੀ ਜ਼ਰੂਰਤ ਸੀ। ਮੁਲਜ਼ਮ ਨੇ ਕੰਪਨੀ ਤੋਂ ਇੱਕ ਲੇਬਰ ਦੀ ਲੋੜ ਦਾ ਕਾਗਜ਼ ਤਿਆਰ ਕਰਵਾ ਕੇ ਲਿਆਂਦਾ ਅਤੇ ਕਾਬੂ ਕੀਤੇ ਏਜੰਟ ਦਲਜੀਤ ਸਿੰਘ ਜੋ ਇਸ ਦੇ ਸੰਪਰਕ ਵਿੱਚ ਸੀ, ਨਾਲ ਸਕੀਮ ਲੜਾ ਕੇ ਕੁੱਝ ਹੋਰ ਵੀਜ਼ਾ ਮਾਹਿਰਾਂ ਨਾਲ ਸੰਪਰਕ ਕਰਕੇ ਇਨ੍ਹਾਂ ਲੋਕਾਂ ਨੂੰ ਵਿਦੇਸ਼ ਜਾਣ ਲਈ ਤਿਆਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼਼ਮ ਦੀ ਗ੍ਰਿਫ਼ਤਾਰੀ ਦਲਜੀਤ ਸਿੰਘ ਵੱਲੋਂ ਦਿੱਤੀ ਇਤਲਾਹ ’ਤੇ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰੂਸ ਗਏ ਵਿਅਕਤੀਆਂ ਨੂੰ ਇਨ੍ਹਾਂ 35 ਹਜ਼ਾਰ ਰੁਪਏ ਤਨਖ਼ਾਹ ਦੱਸੀ ਸੀ ਅਤੇ ਉੱਥੇ ਜਾ ਕੇ ਇਹ 20 ਹਜ਼ਾਰ ਰੁਪਏ ਤਨਖਾਹ ਦੇਣ ਲਈ ਅੜ੍ਹ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਏਜੰਟ ਤੋਂ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਏਜੰਟ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਵੀ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਇਨ੍ਹਾ ਏਜੰਟਾਂ ਵੱਲੋਂ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਰੂਸ ਭੇਜ ਕੇ ਫ਼ਸਾ ਦਿੱਤਾ ਗਿਆ ਸੀ ਜਿਸ ਦੀ ਦਰਖਾਸਤ ਤੋਂ ਬਾਅਦ ਸਦਰ ਪੁਲੀਸ ਨੇ ਦਲਜੀਤ ਸਿੰਘ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਜਾਰੀ ਹੈ।
ਮਲੇਸ਼ੀਆ ਜੇਲ੍ਹ ’ਚ ਬੰਦ ਨੌਜਵਾਨ ਨੂੰ ਰਿਹਾਅ ਕਰਵਾਉਣ ਦੀ ਮੰਗ
ਗੁਰਾਇਆ, (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਪੱਦੀ ਜਾਗੀਰ ਦਾ ਰਹਿਣ ਵਾਲਾ ਨੌਜਵਾਨ ਕਮਲਜੀਤ ਰੋਜ਼ੀ-ਰੋਟੀ ਲਈ ਲਗਭਗ 9 ਮਹੀਨੇ ਪਹਿਲਾਂ ਏਜੰਟ ਰਾਹੀਂ ਮਲੇਸ਼ੀਆ ਗਿਆ ਸੀ ਪਰ ਉੱਥੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਮਲਜੀਤ ਏਜੰਟ ਨੂੰ ਮੋਟੀ ਰਕਮ ਦੇ ਕੇ ਮਲੇਸ਼ੀਆ ਗਿਆ ਸੀ। ਕਮਲਜੀਤ ਦੇ ਜੇਲ੍ਹ ਹੋਣ ਦੀ ਜਾਣਕਾਰੀ ਪਰਿਵਾਰ ਨੂੰ ਉਸ ਵੱਲੋਂ ਭੇਜੇ ਵਟਸਐਪ ਸੁਨੇਹੇ ਰਾਹੀਂ ਮਿਲੀ। ਉਸ ਦੇ ਪਿਤਾ ਦੇਵ ਰਾਜ ਤੇ ਮਾਤਾ ਬਲਵਿੰਦਰ ਕੌਰ ਅਨੁਸਾਰ ਕਮਲਜੀਤ ਦੀਆਂ ਦੋ ਲੜਕੀਆਂ ਹਨ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਮਲਜੀਤ ਨੂੰ ਮਲੇਸ਼ੀਆ ਦੀ ਜੇਲ੍ਹ ’ਚੋਂ ਰਿਹਾਅ ਕਰਵਾਉਣ ਵਿੱਚ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।
 

Radio Mirchi