ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨ, ਇੱਕ ਦੀ ਮੌਤ

ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨ, ਇੱਕ ਦੀ ਮੌਤ

ਨਜ਼ਦੀਕੀ ਪਿੰਡ ਖੁਰਮਪੁਰ ਦੇ ਟਰੈਵਲ ਏਜੰਟ ਦਲਜੀਤ ਸਿੰਘ ਨੇ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਚੰਗੇ ਰੁਜ਼ਗਾਰ ਦਾ ਸੁਫਨਾ ਦਿਖਾ ਕੇ ਰੂਸ ਭੇਜਿਆ ਪਰ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲਣ ਕਾਰਨ ਉਹ ਠੋਕਰਾਂ ਖਾਣ ਲਈ ਮਜਬੂਰ ਹਨ। ਜਾਣਕਾਰੀ ਮੁਤਾਬਕ ਪਿੰਡ ਪਾਂਸਲਾ ਦਾ ਨੌਜਵਾਨ ਮਲਕੀਅਤ ਸਿੰਘ ਉਰਫ਼ ਸੋਨੂੰ ਉਥੇ ਅਚਾਨਕ ਬਿਮਾਰ ਹੋ ਗਿਆ ਅਤੇ ਕੰਪਨੀ ਵੱਲੋਂ ਸਮੇਂ ਸਿਰ ਇਲਾਜ ਨਾ ਕਰਵਾਏ ਜਾਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਗਏ ਪਿੰਡ ਰੁੜਕੀ ਦੇ ਜੋਗਿੰਦਰਪਾਲ ਨੇ ਮਲਕੀਅਤ ਸਿੰਘ ਦੀ ਦੇਹ ਨੂੰ ਪਾਂਸਲਾ ਲਿਆਂਦਾ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੋਨੂੰ ਦੇ ਪਰਿਵਾਰ ’ਚ ਉਸ ਦੇ ਪਿਤਾ ਦੇਸਰਾਜ, ਪਤਨੀ ਨਿਰਮਲਾ ਦੇਵੀ, ਲੜਕਾ ਅਰੁਜਨ (7), ਲੜਕੀ ਰੋਹੀ (6) ਤੋਂ ਇਲਾਵਾ ਤਿੰਨ-ਭਰਾ ਭੈਣ ਹਨ।
ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਵੱਲੋਂ ਮਲਕੀਅਤ ਸਿੰਘ ਦੀ ਦੇਹ ਨੂੰ ਭਾਰਤ ਭੇਜਣ ਲਈ ਕੋਈ ਵੀ ਪੈਸਾ ਅਤੇ ਸਹਿਯੋਗ ਨਹੀਂ ਕੀਤਾ ਗਿਆ ਪਰ 25 ਨੌਜਵਾਨਾਂ ਨੇ 4-5 ਲੱਖ ਰੁਪਏ ਇਕੱਠੇ ਕਰਕੇ ਉਸ ਦੀ ਲਾਸ਼ ਨੂੰ ਪਿੰਡ ਲਿਆਂਦਾ।
ਏਜੰਟ ਦਾ ਦੋ ਦਿਨ ਦਾ ਪੁਲੀਸ ਰਿਮਾਂਡ: ਥਾਣਾ ਸਦਰ ਪੁਲੀਸ ਨੇ ਕੱਲ ਏਜੰਟ ਦਲਜੀਤ ਸਿੰਘ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅੱਜ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਏਜੰਟ ਪਾਸੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Radio Mirchi