ਰੇੜ੍ਹੀ-ਫੜ੍ਹੀ ਵਾਲਿਆਂ ਨੂੰ ਆਨਲਾਈਨ ਪਲੈਟਫਾਰਮ ਦੇਣ ਲਈ ਯਤਨ ਜਾਰੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਰੇੜ੍ਹੀ-ਫੜ੍ਹੀ ਵਾਲਿਆਂ ਨੂੰ ਆਨਲਾਈਨ ਡਲਿਵਰੀ ਪਲੈਟਫਾਰਮ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਵੱਡੇ ਰੈਸਤਰਾਂ ਨੂੰ ਮਿਲਦੀਆਂ ਸਹੂਲਤਾਂ ਦੀ ਤਰਜ਼ ਉਤੇ ਕੀਤਾ ਜਾ ਰਿਹਾ ਹੈ। ‘ਪੀਐਮ ਸਵੈਨਿਧੀ’ ਸਕੀਮ ਦੇ ਲਾਭਪਾਤਰੀਆਂ ਨਾਲ ਆਨਲਾਈਨ ਗੱਲਬਾਤ ਕਰਨ ਮਗਰੋਂ ਮੋਦੀ ਨੇ ਮੱਧ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਕੀਮ ਦੇ ਲਾਭ ਇੱਥੇ ਲੱਖ ਤੋਂ ਵੱਧ ਲੋਕਾਂ ਨੂੰ ਦਿੱਤੇ ਗਏ ਹਨ ਤੇ 4.5 ਲੱਖ ਤੋਂ ਵੱਧ ਨੂੰ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਅੱਜ ਮੋਦੀ ਨੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਕੇਂਦਰ ਸਰਕਾਰ ਨੇ ਇਹ ਸਕੀਮ ਪਹਿਲੀ ਜੂਨ ਨੂੰ ਲਾਗੂ ਕੀਤੀ ਸੀ ਤਾਂ ਕਿ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਰੇੜ੍ਹੀ-ਫੜ੍ਹੀ ਵਾਲਿਆਂ ਦੀ ਮਦਦ ਕੀਤੀ ਜਾ ਸਕੇ। ਮੋਦੀ ਨੇ ਰੇੜ੍ਹੀ-ਫੜ੍ਹੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਡਿਜੀਟਲ ਅਦਾਇਗੀ ਅਪਣਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਾਂ ਦੇ ਨੁਮਾਇੰਦੇ ਤੇ ਵਿੱਤੀ ਸੰਗਠਨ ਉਨ੍ਹਾਂ ਤੱਕ ਪਹੁੰਚ ਕਰਨਗੇ। ‘ਕਿਊਆਰ’ ਕੋਡ ਤੇ ਇਸ ਨੂੰ ਵਰਤਣ ਲਈ ਹੋਰ ਜਾਣਕਾਰੀ ਦੇਣਗੇ। ਮੋਦੀ ਨੇ ਕਿਹਾ ਕਿ ਮਹਾਮਾਰੀ ਸਭ ਤੋਂ ਵੱਧ ਗਰੀਬ ਭੈਣ-ਭਰਾਵਾਂ ਦਾ ਨੁਕਸਾਨ ਕਰਦੀ ਹੈ। ਜ਼ਿਆਦਾ ਗਰਮੀ, ਸਰਦੀ ਤੇ ਮੀਂਹ ਵਿਚ ਵੀ ਇਹੀ ਵਰਗ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਤਬਕੇ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਰਕਾਰ ਨੇ ‘ਪੀਐਮ ਸਵੈਨਿਧੀ ਸਕੀਮ’ ਸੌਖੇ ਨੇਮਾਂ ਨਾਲ ਲਾਂਚ ਕੀਤੀ ਸੀ ਤਾਂ ਕਿ ਉਹ ਪ੍ਰਾਈਵੇਟ ਕਰਜ਼ਿਆਂ ਉਤੇ ਵਿਆਜ ਅਦਾ ਕਰਨ ਤੋਂ ਬਚ ਸਕਣ। ਇਸ ਤਹਿਤ ਵਿਆਜ ’ਚ ਛੋਟ ਦਿੱਤੀ ਗਈ ਹੈ ਤੇ ਸਮੇਂ ਸਿਰ ਅਦਾਇਗੀ ਉਤੇ ਕਈ ਹੋਰ ਸਹੂਲਤਾਂ ਵੀ ਹਨ। ਮੋਦੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਸਭ ਕੁਝ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੈ ਤੇ ਗਰੀਬੀ ਦੂਰ ਕਰਨ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ‘ਜਨ ਧਨ ਯੋਜਨਾ’ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦੀ ਪਿੰਡਾਂ ਨੂੰ ਵੀ ਆਨਲਾਈਨ ਮਾਰਕੀਟਿੰਗ ਪਲੈਟਫਾਰਮ ਨਾਲ ਜੋੜਿਆ ਜਾਵੇਗਾ। ਇਸ ਲਈ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਨ ਦੀ ਯੋਜਨਾ ਹੈ।