ਰੈਫਰੈਂਡਮ 2020 : ਅਮਰੀਕਾ ਤੋਂ ਫੋਨ ਕਰ ਮੁਸਲਮਾਨਾਂ ਨੂੰ ਓਰਦਿਸਤਾਨ ਦੀ ਮੰਗ ਲਈ ਭੜਕਾਇਆ
ਵਾਸ਼ਿੰਗਟਨ - ਦੇਸ਼ ਦੇ ਸਿੱਖ ਭੈਣਾਂ-ਭਰਾਵਾਂ ਨੂੰ ਰੈਫਰੈਂਡਮ 2020 ਦੇ ਨਾਂ 'ਤੇ ਬਹਿਕਾਉਣ ਵਿਚ ਨਾਕਾਮ ਰਹੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਰਾਮ ਮੰਦਰ ਦੇ ਨਾਂ 'ਤੇ ਦੇਸ਼ ਦੇ ਮੁਸਲਮਾਨਾਂ ਭਰਾਵਾਂ ਨੂੰ ਭੜਕਾਉਣ ਦੀ ਸਾਜਿਸ਼ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਦੇਸ਼ ਦੇ ਦਰਜਨਾਂ ਮੁਸਲਮਾਨ ਭਰਾਵਾਂ ਦੇ ਫੋਨ 'ਤੇ ਅਮਰੀਕਾ ਦੇ ਨੰਬਰ ਤੋਂ ਫੋਨ ਕਾਲ ਆਇਆ। ਇਨਾਂ ਫੋਨ ਕਾਲਸ ਵਿਚ ਮੁਸਲਮਾਨ ਭਰਾਵਾਂ ਨੂੰ ਭੜਕਾਉਣ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਲਈ ਅਲੱਗ ਮੁਲਕ ਓਰਦਿਸਤਾਨ ਦੀ ਮੰਗ ਕਰਨ। ਫੋਨ ਕਾਲ ਕਰਨ ਵਾਲੀ ਨੇ ਅਯੋਧਿਆ ਵਿਚ ਸ਼੍ਰੀ ਰਾਮ ਮੰਦਰ ਦੇ ਭੂਮੀ ਪੂਜਨ ਨੂੰ ਦੇਸ਼ ਨੂੰ ਹਿੰਦੂ ਰਾਸ਼ਟਰ ਦੀ ਸ਼ੁਰੂਆਤ ਦੱਸਿਆ ਅਤੇ ਮੁਸਲਮਾਨ ਭਰਾਵਾਂ ਨੂੰ ਭੜਕਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਅਗਸਤ ਨੂੰ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਤੋਂ ਰੋਕਣ ਦੀ ਅਪੀਲ ਕੀਤੀ। ਇਸ ਫੋਨ ਕਾਲ ਦੇ ਪਿੱਛੇ ਸਿੱਖ ਫਾਰ ਜਸਟਿਸ ਦਾ ਹੱਥ ਹੋਣ ਦਾ ਸ਼ੱਕ ਇਸ ਲਈ ਵੀ ਹੈ ਕਿਉਂਕਿ ਕਾਲ ਕਰਨ ਵਾਲੇ ਨੇ ਆਪਣਾ ਨਾਂ ਤਾਂ ਯੁਸੂਫ ਅਲੀ ਦੱਸਿਆ ਪਰ ਉਸ ਦੀ ਭਾਸ਼ਾ ਅਤੇ ਭੜਕਾਉਣ ਦੀ ਸ਼ੈਲੀ ਬਿਲਕੁਲ ਗੁਰਪਤਵੰਤ ਸਿੰਘ ਪੰਨੂ ਜਿਹੀ ਸੀ। ਇਹ ਸ਼ੱਕ ਇਸ ਲਈ ਵੀ ਪੁਖਤਾ ਹੁੰਦਾ ਹੈ ਕਿਉਂਕਿ ਕਾਲ ਕਰਨ ਵਾਲੇ ਨੇ ਮੁਸਲਮਾਨ ਭਰਾਵਾਂ ਨੂੰ ਭੜਕਾਉਂਦੇ ਹੋਏ ਕਿਹਾ ਕਿ ਸਿੱਖ ਭਾਰਤ ਤੋਂ ਅਲੱਗ ਮੁਲਕ ਖਾਲਿਸਤਾਨ ਲਈ ਰੈਫਰੈਂਡਮ 2020 ਦੀ ਮੁਹਿੰਮ ਚਲਾ ਰਹੇ ਹਨ ਲਿਹਾਜ਼ਾ ਮੁਸਲਮਾਨ ਭੈਣ-ਭਰਾ ਵੀ ਆਪਣੇ ਲਈ ਅਲੱਗ ਮੁਲਕ ਲਈ ਸੰਘਰਸ਼ ਕਰਨ।