ਰੋ ਖੰਨਾ ਕਰੋਨਾ ਸਲਾਹਕਾਰ ਕੌਂਸਲ ਲਈ ਨਾਮਜ਼ਦ

ਰੋ ਖੰਨਾ ਕਰੋਨਾ ਸਲਾਹਕਾਰ ਕੌਂਸਲ ਲਈ ਨਾਮਜ਼ਦ

ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਸੰਸਦ ਮੈਂਬਰ ਰੋ ਖੰਨਾ ਨੂੰ ਵਾਈਟ ਹਾਊਸ ਕਰੋਨਾਵਾਇਰਸ ਸਲਾਹਕਾਰ ਕੌਂਸਲ ਲਈ ਨਾਮਜ਼ਦ ਕੀਤਾ ਗਿਆ ਹੈ। ਖੰਨਾ (43) ਇਕੋ ਇਕ ਭਾਰਤੀ ਕਾਂਗਰਸ ਮੈਂਬਰ ਹਨ ਜਿਨ੍ਹਾਂ ਨੂੰ ਇਸ ਕੌਂਸਲ ਦਾ ਹਿੱਸਾ ਬਣਾਇਆ ਗਿਆ ਹੈ। ਇਹ ਕਮੇਟੀ ਅਮਰੀਕੀ ਆਰਥਿਕਤਾ ਨੂੰ ਮੁੜ ਖੋਲ੍ਹਣ ਬਾਰੇ ਹੈ। ਇਸ ਵਿਚ ਰਿਪਬਲਿਕਨ ਤੇ ਡੈਮੋਕ੍ਰੇਟ ਧਿਰਾਂ ਦੇ ਹੋਰ ਕਈ ਸੰਸਦ ਮੈਂਬਰ ਹਨ। ਗਰੁੱਪ ਦੀ ਪਹਿਲੀ ਮੀਟਿੰਗ ਵੀਰਵਾਰ ਫੋਨ ਕਾਲ ਰਾਹੀਂ ਹੋਈ ਹੈ। ਇਸ ਮੌਕੇ ਪੇਅਚੈੱਕ ਸੁਰੱਖਿਆ ਪ੍ਰੋਗਰਾਮ ਲਈ ਵਾਧੂ ਪੈਕੇਜ, ਕੌਮਾਂਤਰੀ ਤੇ ਘਰੇਲੂ ਸਪਲਾਈ ਚੇਨ ਤੇ ਜਨਤਕ ਸਿਹਤ ਨਾਲ ਜੁੜੇ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਕੌਂਸਲ ਨੇ ਕੋਵਿਡ-19 ਐਂਟੀਬੌਡੀ ਟੈਸਟ ਕਿੱਟ, ਵੈਂਟੀਲੇਟਰਾਂ ਦੀ ਲੋੜ, ਮਾਸਕ ਤੇ ਪੀਪੀਈ ਕਿੱਟਾਂ ਦਾ ਮੁੱਦਾ ਵੀ ਵਿਚਾਰਿਆ। ਖੰਨਾ ਨੇ ਕਿਹਾ ਕਿ ਕੌਂਸਲ ਦੇ ਮੈਂਬਰ ਵਜੋਂ ਉਹ ਅਮਰੀਕੀਆਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਯੋਗਦਾਨ ਦੇਣਗੇ। ਰੋ ਨੇ ਕਿਹਾ ਕਿ ਉਹ ਨਿਰਮਾਣ ਸੈਕਟਰ ਦੇ ਨਵੀਨੀਕਰਨ, ਵਿਗਿਆਨਕ ਪਹੁੰਚ ਵਿਚ ਵਾਧੇ ਤੇ ਸਮਾਰਟ ਤਕਨੀਕ ਦੇ ਮੁੱਦੇ ਉਠਾਉਣਗੇ। ਖੰਨਾ ਨੇ ਕਿਹਾ ਕਿ ਅਸੀਂ ਦੇਖ ਹੀ ਚੁੱਕੇ ਹਾਂ ਕਿ ਬੇਹੱਦ ਜ਼ਰੂਰੀ ਮੈਡੀਕਲ ਉਪਕਰਨਾਂ ਤੇ ਇਲੈਕਟ੍ਰਾਨਿਕਸ ਲਈ ਅਮਰੀਕਾ ਚੀਨ, ਜਰਮਨੀ ਤੇ ਹੋਰ ਦੇਸ਼ਾਂ ’ਤੇ ਨਿਰਭਰ ਹੈ। ਇਨ੍ਹਾਂ ਵਸਤਾਂ ਦਾ ਨਿਰਮਾਣ ਅਸੀਂ ਅਮਰੀਕਾ ਵਿਚ ਹੀ ਕਰ ਕੇ ਆਪਣੀ ਆਰਥਿਕਤਾ ਨੂੰ ਮੁੜ ਪੈਰਾਂ-ਸਿਰ ਕਰ ਸਕਦੇ ਹਾਂ।

Radio Mirchi